ਬਠਿੰਡਾ ''ਚ ਮੁੜ ਦਿਓਰ-ਭਰਜਾਈ ਹੋਣਗੇ ਆਹਮੋ-ਸਾਹਮਣੇ

01/04/2019 6:20:36 PM

ਬਠਿੰਡਾ (ਵੈੱਬ ਡੈਸਕ) : ਬਠਿੰਡਾ ਦੀ ਲੋਕ ਸਭਾ ਸੀਟ ਤੋਂ ਮਨਪ੍ਰੀਤ ਬਾਦਲ ਵਲੋਂ ਚੋਣ ਲੜਨ ਦੀ ਇੱਛਾ ਜਤਾਏ ਜਾਣ ਤੋਂ ਬਾਅਦ ਇਸ ਸੀਟ 'ਤੇ ਇਕ ਵਾਰ ਫਿਰ ਮੁਕਾਬਲਾ ਬੇਹੱਦ ਦਿਲਚਸਪ ਹੁੰਦਾ ਨਜ਼ਰ ਆ ਰਿਹਾ ਹੈ। ਜੇ ਮਨਪ੍ਰੀਤ ਬਾਦਲ ਬਠਿੰਡਾ ਤੋਂ ਚੋਣ ਮੈਦਾਨ 'ਚ ਉਤਰਦੇ ਹਨ ਤਾਂ ਉਨ੍ਹਾਂ ਦਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਸਗੋਂ ਉਨ੍ਹਾਂ ਦੀ ਭਾਬੀ ਹਰਸਿਮਰਤ ਕੌਰ ਬਾਦਲ ਨਾਲ ਹੋਵੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਓਰ ਤੇ ਭਰਜਾਈ ਆਹਮੋ-ਸਾਹਮਣੇ ਹੋਣਗੇ। 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਮਨਪ੍ਰੀਤ, ਹਰਸਿਮਰਤ ਨਾਲ ਆਡਾ ਲਾ ਚੁੱਕੇ ਹਨ। ਹਾਲਾਂਕਿ ਮਨਪ੍ਰੀਤ ਦਾ ਕਹਿਣਾ ਹੈ ਕਿ ਜੇ ਹਾਈਕਮਾਨ ਕਹੇਗੀ ਉਹ ਤਾਂ ਹੀ ਉਹ ਇਸ ਸੀਟ ਤੋਂ ਚੋਣ ਲੜਨਗੇ। 


ਜੇਕਰ 2014 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿਚ ਹਰਸਿਮਰਤ ਕੌਰ ਬਾਦਲ ਨੂੰ 5,14,727 ਵੋਟਾਂ ਮਿਲੀਆਂ ਸਨ ਜਦਕਿ ਮਨਪ੍ਰੀਤ ਨੂੰ 4,95,332 ਵੋਟਾਂ ਮਿਲੀਆਂ ਸਨ। ਉੱਧਰ ਇਸ ਸੀਟ 'ਤੇ ਤੀਜੇ ਨੰਬਰ 'ਤੇ ਰਹੇ 'ਆਪ' ਦੇ ਜੱਸੀ ਜਸਰਾਜ ਨੂੰ ਮਹਿਜ਼ 87,901 ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਮਨਪ੍ਰੀਤ ਦੀ ਹਾਰ ਤੇ ਹਰਸਿਮਰਤ ਦੀ ਜਿੱਤ 'ਚ ਸਿਰਫ 19000 ਵੋਟਾਂ ਦਾ ਫਰਕ ਸੀ। ਜੋ ਬਹੁਤਾ ਵੱਡਾ ਫਰਕ ਨਹੀਂ ਹੈ ਪਰ ਉਸ ਸਮੇਂ ਤੀਜੀ ਧਿਰ 'ਆਪ' ਦਾ ਕੋਈ ਵੱਡਾ ਵਜੂਦ ਨਹੀਂ ਸੀ, ਜਿਸ ਕਾਰਨ ਇਹ ਮੁਕਾਬਲਾ ਦੋ ਤਰਫਾ ਰਿਹਾ। ਪਰ ਹੁਣ ਜਦੋਂ 5 ਸਾਲਾਂ ਬਾਅਦ ਇਸ ਸੀਟ ਦੇ ਸਿਆਸੀ ਸਮੀਕਰਣਾਂ 'ਚ ਵੱਡਾ ਬਦਲਾਅ ਆ ਚੁੱਕਾ ਹੈ ਤਾਂ ਮਨਪ੍ਰੀਤ ਦਾ ਇਸ ਸੀਟ 'ਤੇ ਉਤਰਨਾ ਇਕ ਜ਼ੋਖਿਮ ਭਰਿਆ ਕਦਮ ਸਾਬਤ ਹੋ ਸਕਦਾ ਹੈ। 


ਬਠਿੰਡਾ ਲੋਕ ਸਭਾ ਸੀਟ ਹੇਠ ਲੰਬੀ, ਭੁੱਚੋ ਮੰਡੀ, ਬਠਿੰਡਾ ਅਰਬਨ, ਬਠਿੰਡਾ ਰੂਰਲ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ, ਬੁੱਢਲਾਡਾ  9 ਵਿਧਾਨ ਸਭਾ ਹਲਕੇ ਆਉਂਦੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੰਬੀ ਹਲਕੇ 'ਚ ਅਕਾਲੀ ਦਲ ਨੂੰ 66,375 ਤੇ ਕਾਂਗਰਸ ਨੂੰ 43,605 ਵੋਟਾਂ ਮਿਲੀਆਂ ਸਨ। ਇਸ ਸੀਟ ਤੋਂ ਅਕਾਲੀ ਦਲ ਜੇਤੂ ਰਿਹਾ। ਭੁੱਚੋ ਮੰਡੀ ਹਲਕੇ 'ਚੋਂ ਅਕਾਲੀ ਦਲ ਨੂੰ 50,960 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਕਰੀਬ 1000 ਵੋਟ ਦੇ ਫਾਸਲੇ ਨਾਲ ਇਸ ਸੀਟ 'ਤੇ ਜੇਤੂ ਰਿਹਾ। ਬਠਿੰਡਾ ਅਰਬਨ 'ਚ ਅਕਾਲੀ ਦਲ ਨੂੰ 37,177 ਵੋਟਾਂ ਮਿਲੀਆਂ, ਕਾਂਗਰਸ ਇਸ ਸੀਟ 'ਤੇ 63,942 ਵੋਟਾਂ ਨਾਲ ਜੇਤੂ ਰਹੀ। ਇਸ ਸੀਟ 'ਤੇ ਅਕਾਲੀ ਦਲ ਤੀਜੇ ਨੰਬਰ 'ਤੇ ਸੀ।ਬਠਿੰਡਾ ਰੂਰਲ 'ਚ ਅਕਾਲੀ ਦਲ 40,794 ਵੋਟਾਂ ਨਾਲ ਦੂਜੇ ਨੰਬਰ 'ਤੇ ਕਾਂਗਰਸ 28,939 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੀ। ਇਸ ਸੀਟ 'ਤੇ ਆਪ ਜੇਤੂ ਸੀ। 


ਤਲਵੰਡੀ ਸਾਬੋ ਸੀਟ 'ਤੇ ਵੀ 'ਆਪ' ਦਾ ਜਲਵਾ ਕਾਇਮ ਰਿਹਾ, ਅਕਾਲੀ ਦਲ 34,443 ਵੋਟਾਂ ਨਾਲ ਤੀਜੇ ਤੇ ਕਾਂਗਰਸ 35,260 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੀ। ਮਾਨਸਾ ਸੀਟ 'ਤੇ ਵੀ ਅਕਾਲੀ ਦਲ ਤੇ ਕਾਂਗਰਸ ਨੂੰ 'ਆਪ' ਤੋਂ ਮਾਤ ਖਾਣੀ ਪਈ। ਇਸ ਸੀਟ 'ਤੇ ਅਕਾਲੀ ਦਲ 44,232 ਵੋਟਾਂ ਨਾਲ ਤੀਜੇ ਤੇ ਕਾਂਗਰਸ 50,117 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੀ। ਸਰਦੂਲਗੜ੍ਹ 'ਚ ਅਕਾਲੀ ਦਲ ਨੂੰ ਵਧੀਆ ਹੁੰਗਾਰਾ ਮਿਲਿਆ। ਇੱਥੋਂ ਅਕਾਲੀ ਦਲ 59,420 ਵੋਟਾਂ ਨਾਲ ਜੇਤੂ ਰਿਹਾ, ਜਦੋਂ ਕਿ ਕਾਂਗਰਸ ਨੂੰ 50,563 ਵੋਟਾਂ ਮਿਲੀਆਂ। ਬੁੱਢਲਾਡਾ ਹਲਕੇ ਵਿਚ 'ਆਪ' ਲਹਿਰ ਕਾਮਯਾਬ ਰਹੀ ਤੇ ਅਕਾਲੀ ਦਲ ਨੂੰ 50,477 ਤੇ ਕਾਂਗਰਸ 50,989 ਵੋਟਾਂ ਨਾਲ ਸਬਰ ਕਰਨਾ ਪਿਆ। 


2017 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਥੇ ਅਕਾਲੀ ਦਲ ਨੂੰ ਕੁੱਲ 4,31, 513 ਵੋਟਾਂ ਤੇ ਕਾਂਗਰਸ ਨੂੰ ਕੁੱਲ 3,98,107 ਵੋਟਾਂ ਮਿਲੀਆਂ, ਉੱਥੇ 'ਆਪ' ਨੂੰ 4,18,847 ਵੋਟਾਂ ਪਈਆਂ ਅਤੇ ਇਹ ਨਤੀਜੇ ਉਸ ਵੇਲੇ ਆਏ ਹਨ, ਜਦੋਂ ਪੰਜਾਬ ਵਿਚ ਕਾਂਗਰਸ ਦੀ ਹਵਾ ਸੀ ਤੇ ਕਾਂਗਰਸ ਪਹਿਲੀ ਵਾਰ ਸੂਬੇ ਦੀਆਂ 77 ਵੋਟਾਂ 'ਤੇ ਜੇਤੂ ਰਹੀ ਅਤੇ 10 ਲੋਕ ਸਭਾ ਹਲਕਿਆਂ 'ਤੇ ਕਾਂਗਰਸ ਲੀਡ ਕਰਦੀ ਨਜ਼ਰ ਆਈ ਪਰ ਇਸ ਸੀਟ 'ਤੇ ਕਾਂਗਰਸ ਤੀਜੇ ਧਿਰ ਦੀ ਪਾਰਟੀ ਰਹੀ। ਬਦਲੇ ਹੋਏ ਸਿਆਸੀ ਸਮੀਕਰਣਾਂ 'ਚ ਜੇ 'ਆਪ' ਲਹਿਰ ਦੀ ਹਵਾ ਕੁਝ ਮੱਠੀ ਪੈ ਗਈ ਵੀ ਮੰਨੀਏ ਤਾਂ ਵੀ 'ਆਪ' ਵੱਡੀ ਗਿਣਤੀ ਵੋਟਰਾਂ ਨੂੰ ਭਰਮਾਉਣ 'ਚ ਕਾਮਯਾਬ ਰਹਿ ਸਕਦੀ ਹੈ। ਯਾਨੀ ਕਿ ਇੱਥੇ ਮੁਕਾਬਲਾ ਅਕਾਲੀ ਦਲ ਬਨਾਮ ਕਾਂਗਰਸ ਵੀ ਰਹੇ ਤਾਂ ਵੀ 'ਆਪ' ਵੋਟਾਂ ਨੂੰ ਵੱਡਾ ਖੋਰਾ ਲਗਾ ਸਕਦੀ ਹੈ। ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਮਨਪ੍ਰੀਤ ਲਈ 2019 'ਚ ਵੀ ਬਠਿੰਡਾ ਇੰਨਾਂ ਸੌਖਾ ਨਹੀਂ ਜਾਪ ਰਿਹਾ। 
ਮਨਪ੍ਰੀਤ ਲਈ ਬਠਿੰਡਾ ਸੀਟ ਮੁਸ਼ਕਿਲ ਕਿਉਂ
ਮਨਪ੍ਰੀਤ ਦੇ ਬਠਿੰਡਾ ਸੀਟ 'ਤੇ ਖੇਡਿਆ ਦਾਅ ਉਸ 'ਤੇ ਭਾਰੀ ਇਸ ਲਈ ਵੀ ਪੈ ਸਕਦਾ ਹੈ ਕਿ ਮਨਪ੍ਰੀਤ ਦਾ ਸਿਆਸੀ ਗਰਾਫ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਜਾਣਦੇ ਹਾਂ ਉਹ ਕਾਰਨ ਜਿਨ੍ਹਾਂ ਕਾਰਨ ਪੁੱਠਾ ਪੈ ਸਕਦਾ ਹੈ ਮਨਪ੍ਰੀਤ ਦਾ ਇਹ ਦਾਅ...
1. ਵਿੱਤ ਮੰਤਰੀ ਵਜੋਂ ਕਾਰਗੁਜ਼ਾਰੀ : ਮਨਪ੍ਰੀਤ ਦੀ ਵਿੱਤ ਮੰਤਰੀ ਵਜੋਂ ਕਾਰਗੁਜ਼ਾਰੀ ਕੋਈ ਬਹੁਤੀ ਵਧੀਆ ਨਹੀਂ ਰਹੀ। ਹਮੇਸ਼ਾ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇਣਾ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਤਨਖਾਹਾਂ ਤੋਂ ਵਾਂਝਾ ਮੁਲਾਜ਼ਮ ਵਰਗ, ਪੈਨਸ਼ਨਾਂ ਤੋਂ ਵਾਂਝੇ ਲੋਕ। ਹਰ ਵਰਗ 'ਚ ਖਜ਼ਾਨਾ ਮੰਤਰੀ ਖਿਲਾਫ ਗੁੱਸਾ ਹੈ। ਉਸ ਦੇ ਆਪਣੇ ਹਲਕੇ ਬਠਿੰਡਾ ਦੇ ਲੋਕਾਂ 'ਚ ਵੀ ਉਸ ਖਿਲਾਫ ਰੋਸ ਦੇਖਣ ਨੂੰ ਮਿਲ ਰਿਹਾ ਹੈ। 
2. ਅਸਥਿਰ ਮਨਪ੍ਰੀਤ : ਮਨਪ੍ਰੀਤ ਦਾ ਅਕਸ ਸਥਿਰ ਹੋ ਕੇ ਇਕ ਥਾਂ 'ਤੇ ਨਾ ਟਿਕਣ ਵਾਲਾ ਰਿਹਾ ਹੈ। ਪਹਿਲਾਂ ਅਕਾਲੀ ਦਲ ਦੀ ਰਹਿਨੁਮਾਈ ਵਿਚ ਵਿੱਤ ਮੰਤਰੀ ਬਣਨਾ, ਅਕਾਲੀ ਦਲ ਛੱਡ ਕੇ ਨਵੀਂ ਪਾਰਟੀ ਪੀ. ਪੀ. ਪੀ. ਬਣਾਉਣਾ ਤੇ ਉਸ ਵਿਚ ਵੀ ਸਫਲਤਾ ਨਾ ਮਿਲਣ 'ਤੇ ਕਾਂਗਰਸ ਦਾ ਹੱਥ ਫੜਨਾ, ਲੋਕ ਸਭਾ ਸੀਟ ਤੋਂ ਹਰਸਿਮਰਤ ਖਿਲਾਫ ਹਾਰ ਤੇ ਫਿਰ 2017 ਦੀ ਵਿਧਾਨ ਸਭਾ ਚੋਣ ਜਿੱਤ ਕੇ ਕਾਂਗਰਸ ਸਰਕਾਰ 'ਚ ਦੁਬਾਰਾ ਵਿੱਤ ਮੰਤਰੀ ਬਣਨਾ। ਇਹ ਫੈਸਲੇ ਦਰਸਾਉਂਦੇ ਹਨ ਕਿ ਮਨਪ੍ਰੀਤ ਜ਼ੋਖਿਮ ਜ਼ਰੂਰ ਲੈਂਦੇ ਹਨ ਪਰ ਸਟੈਂਡ ਨਹੀਂ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਮਨਪ੍ਰੀਤ ਆਪਣੇ ਦਮ 'ਤੇ ਨਹੀਂ ਸਗੋਂ ਹਮੇਸ਼ਾ ਪਾਰਟੀ ਦੇ ਦਮ 'ਤੇ ਹੀ ਜਿੱਤਿਆ ਹੈ। 


ਕੁੱਲ ਮਿਲਾ ਕੇ ਬਠਿੰਡਾ ਸੀਟ ਮਨਪ੍ਰੀਤ ਲਈ ਇਕ ਲਾਟਰੀ ਵਰਗੀ ਸਾਬਤ ਹੋ ਸਕਦੀ ਹੈ, ਜੇ ਇਹ ਲਾਟਰੀ ਲੱਗ ਜਾਂਦੀ ਹੈ ਅਤੇ ਕੇਂਦਰ 'ਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਮਨਪ੍ਰੀਤ ਲਈ ਇਹ ਵੱਡਾ ਤੋਹਫਾ ਸਾਬਤ ਹੋ ਸਕਦਾ ਹੈ ਪਰ ਜੇ ਨਤੀਜੇ ਮਨਪ੍ਰੀਤ ਦੀਆਂ ਉਮੀਦਾਂ ਮੁਤਾਬਕ ਨਹੀਂ ਆਉਂਦੇ ਤਾਂ ਇਕ ਹਾਰੇ ਹੋਏ ਵਿਅਕਤੀ ਨੂੰ ਵਿੱਤ ਮੰਤਰੀ ਵਜੋਂ ਕੈਬਨਿਟ 'ਚ ਰੱਖਣਾ ਕੈਪਟਨ ਲਈ ਨੈਤਿਕ ਤੌਰ 'ਤੇ ਸਹੀ ਨਹੀਂ ਹੋਵੇਗਾ ਅਤੇ ਇਹ ਮਨਪ੍ਰੀਤ ਲਈ ਮੁਸ਼ਕਿਲ ਪੈਦਾ ਕਰ ਸਕਦਾ ਹੈ।

Gurminder Singh

This news is Content Editor Gurminder Singh