ਪੰਜਾਬ ''ਚ ''ਆਪ'' ਦਾ ਵਜੂਦ ਖਤਮ, ਗਠਜੋੜ ਦੀ ਲੋੜ ਨਹੀਂ : ਕੈਪਟਨ

01/07/2019 7:16:19 PM

ਨਵੀਂ ਦਿੱਲੀ\ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਤਿੰਨ ਧਿਰਾਂ ਵਿਚ ਵੰਡੀ ਗਈ ਹੈ ਅਤੇ ਪਾਰਟੀ ਦਾ ਸੂਬੇ ਵਿਚ ਕੋਈ ਵਜੂਦ ਨਹੀਂ ਰਹਿ ਗਿਆ ਹੈ। ਲਿਹਾਜ਼ਾ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦੀ ਜ਼ਰੂਰਤ ਨਹੀਂ ਹੈ। ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਆਪਣੇ ਬੂਤੇ ਸਾਰੀਆਂ 13 ਸੀਟਾਂ ਜਿੱਤ ਸਕਦੀ ਹੈ। 
ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਪੰਜਾਬ-ਹਰਿਆਣਾ ਅਤੇ ਦਿੱਲੀ ਵਿਚ ਗਠਜੋੜ ਨੂੰ ਲੈ ਕੇ ਸੰਭਾਵਨਾ ਤਲਾਸ਼ ਰਹੀ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਚਲਦਿਆਂ ਹੀ ਦਿੱਲੀ ਵਿਚ ਅਜੇ ਮਾਕਨ ਦਾ ਅਸਤੀਫਾ ਹੋਇਆ ਹੈ ਅਤੇ ਨਾਲ ਹੀ ਐੱਚ. ਐੱਸ. ਫੂਲਕਾ ਨੇ ਵੀ ਇਸੇ ਸੰਭਾਵਿਤ ਗਠਜੋੜ ਦੇ ਵਿਰੋਧ ਵਿਚ ਅਸਤੀਫਾ ਦਿੱਤਾ ਹੈ। ਹਾਲਾਂਕਿ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਤਾਲਮੇਲ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਹਿਲੀ ਵਾਰ ਇਸ ਮੁੱਦੇ 'ਤੇ ਨਰਮੀ ਦੇ ਸੰਕੇਤ ਦਿੰਦਿਆਂ ਕਿਹਾ ਕਿ ਹਾਈਕਮਾਨ ਜੋ ਵੀ ਫੈਸਲਾ ਕਰੇਗੀ, ਉਹ ਸੂਬਾ ਇਕਾਈ ਨੂੰ ਮਨਜ਼ੂਰ ਹੋਵੇਗਾ। 
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਚਾਰ ਸੀਟਾਂ ਜਿੱਤੀ ਸੀ ਅਤੇ ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਉਹ ਦੂਸਰੇ ਨੰਬਰ ਦੀ ਪਾਰਟੀ ਸੀ। ਕਾਂਗਰਸ ਦਿੱਲੀ ਵਿਚ ਆਮ ਆਦਮੀ ਪਾਰਟੀ ਲਈ ਦੋ ਸੀਟਾਂ ਛੱਡਣ ਲਈ ਤਿਆਰ ਹੈ ਜਦਕਿ ਪੰਜਾਬ ਵਿਚ ਚਾਰ ਅਤੇ ਹਰਿਆਣਾ ਵਿਚ ਦੋ ਸੀਟਾਂ ਛੱਡੇ ਜਾਣ 'ਤੇ ਸਹਿਮਤੀ ਬਣ ਸਕਦੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਇਨ੍ਹਾਂ ਸੂਬਿਆਂ ਦੀਆਂ 30 ਸੀਟਾਂ ਵਿਚੋਂ 15 ਸੀਟਾਂ ਦੀ ਮੰਗ ਕਰ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਤਿੰਨ ਸੂਬਿਆਂ ਵਿਚ ਆਮ ਆਦਮੀ ਪਾਰਟੀ ਲਈ 8 ਤੋਂ 9 ਸੀਟਾਂ ਛੱਡਣ 'ਤੇ ਸਹਿਮਤ ਹੋ ਸਕਦੀ ਹੈ।

Gurminder Singh

This news is Content Editor Gurminder Singh