ਬਰਾੜ ਵਰਗੇ ਦਲ-ਬਦਲੂਆਂ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ : ਜਾਖੜ

04/20/2019 5:43:06 PM

ਜਲੰਧਰ/ਚੰਡੀਗੜ੍ਹ (ਧਵਨ) : ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਲੰਬੇ ਹੱਥੀਂ ਲੈਂਦਿਆਂ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਜਿਹੇ ਦਲ ਬਦਲੂਆਂ ਨੂੰ ਪੰਜਾਬ ਦੇ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਅਕਾਲੀ ਦਲ ਨੂੰ ਬਰਾੜ ਤੋਂ ਕੋਈ ਵੀ ਸਿਆਸੀ ਲਾਭ ਨਹੀਂ ਮਿਲਣ ਵਾਲਾ। ਜਾਖੜ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਭਵਨ ਵਿਖੇ ਸੂਬੇ ਦੇ ਸਭ ਜ਼ਿਲਾ ਪ੍ਰਧਾਨਾਂ ਅਤੇ ਅਹਿਮ ਆਗੂਆਂ ਦੀ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ। ਬੈਠਕ 'ਚ ਪੰਜਾਬ ਚੋਣ ਪ੍ਰਚਾਰ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਅਤੇ ਹੋਰ ਆਗੂ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਬਰਾੜ ਦਾ ਸਿਆਸੀ ਭਵਿੱਖ ਖਤਮ ਹੋ ਚੁੱਕਾ ਹੈ। ਅਕਾਲੀ ਦਲ 'ਚ ਹੁਣ ਉਨ੍ਹਾਂ ਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਜਿਹੜਾ ਆਗੂ ਕਾਂਗਰਸ ਦਾ ਨਹੀਂ ਹੋ ਸਕਿਆ, ਉਹ ਕਿਸੇ ਵੀ ਹੋਰ ਪਾਰਟੀ ਦਾ ਵੀ ਨਹੀਂ ਹੋ ਸਕਦਾ। ਕਾਂਗਰਸ ਨੂੰ ਛੱਡ ਕੇ ਬਰਾੜ ਤ੍ਰਿਣਮੂਲ ਕਾਂਗਰਸ 'ਚ ਗਏ। ਹੁਣ ਅਕਾਲੀ ਦਲ 'ਚ ਆ ਗਏ ਹਨ। ਉਹ ਕਈ ਵਾਰ ਪਾਰਟੀਆਂ ਬਦਲ ਚੁੱਕੇ ਹਨ। ਉਨ੍ਹਾਂ ਦੀ ਵਫਾਦਾਰੀ 'ਤੇ ਕੋਈ ਵੀ ਭਰੋਸਾ ਨਹੀਂ ਕਰ ਸਕਦਾ। ਜਾਖੜ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਬੈਠਕ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਇਹ ਚੋਣਾਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਲੜੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਸਿਰਫ ਬਿਆਨਬਾਜ਼ੀ ਤਕ ਸੀਮਿਤ ਹੈ। ਉਸ ਨੇ ਨਾ ਤਾਂ ਬੇਰੋਜ਼ਗਾਰਾਂ ਨੂੰ ਕੋਈ ਲਾਭ ਪਹੁੰਚਾਇਆ ਅਤੇ ਨਾ ਹੀ ਗਰੀਬਾਂ ਨੂੰ।

Gurminder Singh

This news is Content Editor Gurminder Singh