ਫੌਜ ਦੀ ਛਤਰ-ਛਾਇਆ ਹੇਠ ਹੋਣਗੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ

04/20/2019 7:00:50 PM

ਜਲੰਧਰ (ਧਵਨ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ 215 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਸਰਹੱਦੀ ਸੂਬੇ ਪੰਜਾਬ 'ਚ ਸ਼ਾਂਤਮਈ ਢੰਗ ਨਾਲ ਚੋਣਾਂ ਮੁਕੰਮਲ ਕਰਾਉਣ ਲਈ ਕੇਂਦਰ ਤੋਂ ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਮੰਗੀਆਂ ਸਨ। ਪੰਜਾਬ ਦੇ ਅਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਆਰ. ਐੱਨ. ਢੋਕੇ ਜੋ ਕਿ ਚੋਣਾਂ ਲਈ ਨੋਡਲ ਪੁਲਸ ਅਧਿਕਾਰੀ ਦੇ ਰੂਪ 'ਚ ਕੰਮ ਕਰ ਰਹੇ ਹਨ, ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਸ ਮਹੀਨੇ ਦੇ ਆਖਰੀ ਹਫਤੇ ਤੋਂ ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਪੰਜਾਬ 'ਚ ਸ਼ੁਰੂ ਹੋ ਜਾਣਗੀਆਂ। ਇਕ ਨੀਮ ਫੌਜੀ ਬਲ ਦੀ ਕੰਪਨੀ 'ਚ 100 ਤੋਂ 120 ਜਵਾਨ ਹੁੰਦੇ ਹਨ। ਨੀਮ ਫੌਜੀ ਬਲਾਂ ਦੇ ਇਲਾਵਾ ਲਗਭਗ 80 ਹਜ਼ਾਰ ਪੁਲਸ ਕਰਮਚਾਰੀ ਵੀ ਚੋਣ ਡਿਊਟੀ 'ਤੇ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਨੂੰ ਸਮੁੱਚੀ ਫੋਰਸ ਪੰਜਾਬ 'ਚ ਭੇਜਣ ਦੀ ਅਪੀਲ ਕੀਤੀ ਸੀ ਤਾਂ ਕਿ ਕੌਮਾਂਤਰੀ ਪੱਧਰ 'ਤੇ ਪੰਜਾਬ 'ਚ ਚੋਣਾਂ ਦੌਰਾਨ ਗੜਬੜ ਕਰਾਉਣ ਵਾਲੇ ਸ਼ਰਾਰਤੀ ਤੱਤਾਂ 'ਤੇ ਪੂਰੀ ਤਰ੍ਹਾਂ ਨਕੇਲ ਕੱਸੀ ਜਾਵੇ।
ਪੰਜਾਬ ਨੇ ਭਾਵੇਂ 350 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਮੰਗੀਆਂ ਸਨ ਪਰ ਹੋਰਨਾਂ ਸੂਬਿਆਂ 'ਚ ਵੀ ਚੋਣਾਂ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਨੇ 215 ਕੰਪਨੀਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਅਤੇ ਇਹ ਲਗਭਗ 553 ਕਿਲੋਮੀਟਰ ਲੰਬੀ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਜ਼ਿਲੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਸਥਿਤ ਹਨ। ਇਸ ਲਈ ਸਰਹੱਦ ਪਾਰੋਂ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਹੀ ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ। ਪੰਜਾਬ ਪੁਲਸ ਦੇ ਵਿਸ਼ੇਸ਼ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 30 ਮਾਰਚ ਨੂੰ ਇਕ ਅੱਤਵਾਦੀ ਗਿਰੋਹ ਦਾ ਭਾਂਡਾ ਭੰਨਿਆ ਸੀ।

Gurminder Singh

This news is Content Editor Gurminder Singh