ਬਠਿੰਡਾ ਤੇ ਫਿਰੋਜ਼ਪੁਰ ਨੂੰ ਛੱਡ ਕਾਂਗਰਸ ਨੇ ਬਾਕੀ ਸੀਟਾਂ ''ਤੇ ਨਾਵਾਂ ਦੇ ਪੈਨਲ ਕੀਤੇ ਤਿਆਰ

03/15/2019 9:45:20 AM

ਜਲੰਧਰ (ਧਵਨ) – ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ 'ਚੋਂ ਬਠਿੰਡਾ ਅਤੇ ਫਿਰੋਜ਼ਪੁਰ ਨੂੰ ਛੱਡ ਕੇ ਕਾਂਗਰਸ ਬਾਕੀ ਸਭ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਲਗਭਗ ਤਿਆਰ ਕਰ ਚੁੱਕੀ ਹੈ। ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ 'ਤੇ ਕਾਂਗਰਸ ਵਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਪਿੱਛੋਂ ਪੱਤੇ ਖੋਲ੍ਹੇ ਜਾਣਗੇ। ਪੰਜਾਬ ਕਾਂਗਰਸ ਨੇ ਚੋਣਾਂ ਨੂੰ ਲੈ ਕੇ ਆਪਣਾ ਹੋਮਵਰਕ ਕਰ ਲਿਆ ਹੈ। ਹੁਣ ਉਸ ਨੂੰ ਕੇਂਦਰੀ ਚੋਣ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਰਾਏ ਅਤੇ ਉਨ੍ਹਾਂ ਵਲੋਂ ਕਰਵਾਏ ਗਏ ਅੰਦਰੂਨੀ ਸਰਵੇਖਣ ਉਮੀਦਵਾਰਾਂ ਦੀ ਚੋਣ ਵਿਚ ਪ੍ਰਮੁੱਖ ਭੂਮਿਕਾ ਨਿਭਾਅ ਰਹੇ ਹਨ। ਕੇਂਦਰੀ ਲੀਡਰਸ਼ਿਪ ਨੇ ਪਹਿਲਾਂ ਹੀ ਪੰਜਾਬ ਇਕਾਈ ਨੂੰ ਉਮੀਦਵਾਰਾਂ ਦੇ ਨਾਵਾਂ ਦੀ ਸਕ੍ਰੀਨਿੰਗ ਕਰਨ ਦੇ ਅਧਿਕਾਰ ਦੇ ਦਿੱਤੇ ਸਨ।

ਲੋਕ ਸਭਾ ਦੀਆਂ 4 ਸੀਟਾਂ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਵਿਖੇ ਸਿੰਗਲ-ਸਿੰਗਲ ਉਮੀਦਵਾਰਾਂ ਦੇ ਨਾਂ ਪੈਨਲ ਵਿਚ ਪਾਏ ਗਏ ਹਨ। ਬਾਕੀ ਸੀਟਾਂ 'ਤੇ 2 ਤੋਂ 3 ਉਮੀਦਵਾਰਾਂ ਦੇ ਨਾਂ ਪੈਨਲ ਵਿਚ ਪਾਏ ਜਾ ਚੁੱਕੇ ਹਨ। ਪਟਿਆਲਾ ਵਿਚ ਪ੍ਰਨੀਤ ਕੌਰ, ਲੁਧਿਆਣਾ ਵਿਚ ਰਵਨੀਤ ਸਿੰਘ ਬਿੱਟੂ, ਜਲੰਧਰ 'ਚ ਚੌਧਰੀ ਸੰਤੋਖ ਸਿੰਘ ਅਤੇ ਗੁਰਦਾਸਪੁਰ ਵਿਚ ਸੁਨੀਲ ਜਾਖੜ ਦੇ ਨਾਂ ਸਿੰਗਲ ਪੈਨਲ ਵਿਚ ਰੱਖੇ ਗਏ ਹਨ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਪੈਨਲ ਵਿਚ ਸਾਬਕਾ ਵਿਧਾਇਕ ਜਸਵੀਰ ਸਿੰਘ ਡਿੰਪਾ ਅਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਾਂ ਸ਼ਾਮਲ ਕੀਤੇ ਦੱਸੇ ਜਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਅੰਬਿਕਾ ਸੋਨੀ ਦੀ ਰਾਇ ਲੈਣ ਵਿਚ ਲੱਗੀ ਹੋਈ ਹੈ। ਜੇ ਅੰਬਿਕਾ ਸੋਨੀ ਜਾਂ ਉਨ੍ਹਾਂ ਦੇ ਪੁੱਤਰ ਨੇ ਚੋਣ ਲੜਨ ਤੋਂ ਇਨਕਾਰ ਕੀਤਾ ਤਾਂ ਕਾਂਗਰਸ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ।

ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਹੁਸ਼ਿਆਰਪੁਰ ਹਲਕੇ ਤੋਂ ਵਿਧਾਇਕ ਡਾ. ਰਾਜ ਕੁਮਾਰ ਅਤੇ ਸਾਬਕਾ ਵਿਧਾਇਕ ਸੰਤੋਸ਼ ਚੌਧਰੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਪੈਨਲ ਵਿਚ ਸ਼ਾਮਲ ਕੀਤਾ ਗਿਆ ਹੈ। ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਵਿਧਾਇਕ ਜੀ. ਪੀ.,ਅਮਰ ਸਿੰਘ ਅਤੇ ਮਨਮੋਹਨ ਸਿੰਘ ਦੇ ਨਾਂ ਪੈਨਲ ਵਿਚ ਸ਼ਾਮਲ ਕੀਤੇ ਗਏ ਹਨ।

rajwinder kaur

This news is Content Editor rajwinder kaur