ਕੇਵਲ ਢਿੱਲੋਂ ਪਹਿਲੀ ਅਤੇ ਤਿਵਾੜੀ ਤੀਜੀ ਵਾਰ ਅਜ਼ਮਾਉਣਗੇ ਸਿਆਸਤ 'ਚ ਕਿਸਮਤ

04/12/2019 9:57:39 AM

ਜਲੰਧਰ (ਧਵਨ)-  ਕਾਂਗਰਸ ਲੀਡਰਸ਼ਿਪ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਸਾਬਕਾ ਕੇਂਦਰੀ ਸੂਬਾ ਮੰਤਰੀ (ਸੁਤੰਤਰ ਚਾਰਜ) ਮੁਨੀਸ਼ ਤਿਵਾੜੀ ਅਤੇ ਸੰਗਰੂਰ ਲੋਕ ਸਭਾ ਸੀਟ 'ਤੇ ਸਾਬਕਾ ਕਾਂਗਰਸ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਨਾਵਾਂ ਨੂੰ ਹਰੀ ਝੰਡੀ ਦਿੱਤੀ। ਮੁਨੀਸ਼ ਤਿਵਾੜੀ ਇਕ ਵਾਰ ਫਿਰ ਤੋਂ ਕੇਂਦਰੀ ਸਿਆਸਤ 'ਚ ਦਸਤਕ ਦੇਣ ਜਾ ਰਹੇ ਹਨ। ਇਸੇ ਤਰ੍ਹਾਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਹੁਣ ਕੇਂਦਰੀ ਸਿਆਸਤ ਵਿਚ ਸਰਗਰਮ ਹੋਣਗੇ।

ਸੰਸਦੀ ਸੀਟ ਸ੍ਰੀ ਅਨੰਦਪੁਰ ਸਾਹਿਬ
ਕਾਂਗਰਸ ਉਮੀਦਵਾਰ- ਮੁਨੀਸ਼ ਤਿਵਾੜੀ
ਐਜੂਕੇਸ਼ਨ/ਕਾਰੋਬਾਰ - ਐੱਲ. ਐੱਲ. ਬੀ./ਸੁਪਰੀਮ ਕੋਰਟ 'ਚ ਐਡਵੋਕੇਟ

28 ਅਕਤੂਬਰ 2012 ਤੋਂ 26 ਮਈ 2014 ਤਕ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਿਚ ਸੂਚਨਾ ਤੇ ਪ੍ਰਸਾਰਨ ਮੰਤਰੀ (ਸੁਤੰਤਰ ਚਾਰਜ) ਦੇ ਰੂਪ ਵਿਚ ਕੰਮ ਕਰਨ ਵਾਲੇ ਮੁਨੀਸ਼ ਤਿਵਾੜੀ ਨੇ ਆਪਣਾ ਕਰੀਅਰ ਸਿਆਸਤ ਵਿਚ ਐੱਨ. ਐੱਸ. ਯੂ. ਆਈ. ਤੋਂ 1986 ਵਿਚ ਸ਼ੁਰੂ ਕੀਤਾ ਸੀ। 1986 ਤੋਂ 1993 ਤਕ ਐੱਨ. ਐੱਸ. ਯੂ. ਆਈ. ਦੇ ਰਾਸ਼ਟਰੀ ਪ੍ਰਧਾਨ ਰਹੇ। ਉਸ ਤੋਂ ਬਾਅਦ ਉਹ ਯੂਥ ਕਾਂਗਰਸ ਦੇ 1998 ਤੋਂ 2003 ਤਕ ਕੌਮੀ ਪ੍ਰਧਾਨ ਰਹੇ। 2004 ਵਿਚ ਉਹ ਲੋਕ ਸਭਾ ਚੋਣਾਂ ਹਾਰ ਗਏ ਸਨ ਪਰ 2009 ਵਿਚ ਉਨ੍ਹਾਂ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਲੜਦੇ ਹੋਏ ਅਕਾਲੀ ਦਲ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਨੂੰ 1 ਲੱਖ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ ਸੀ। 2014 ਵਿਚ ਖਰਾਬ ਸਿਹਤ ਕਾਰਨ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਪੇਸ਼ੇ ਤੋਂ ਵਕੀਲ ਤਿਵਾੜੀ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕਰਦੇ ਹਨ ਅਤੇ ਨਾਲ ਹੀ ਦਿੱਲੀ ਹਾਈ ਕੋਰਟ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵੀ ਆਪਣੀਆਂ ਕਾਨੂੰਨੀ ਸੇਵਾਵਾਂ ਦਿੰਦੇ ਹਨ। ਸੰਸਦ ਵਿਚ ਰਹਿੰਦੇ ਹੋਏ ਤਿਵਾੜੀ ਨੇ ਇੰਟੈਲੀਜੈਂਸ ਏਜੰਸੀਆਂ ਨੂੰ ਸੰਸਦੀ ਪ੍ਰਣਾਲੀ ਦੇ ਤਹਿਤ ਲਾਉਣ ਲਈ ਪ੍ਰਾਈਵੇਟ ਮੈਂਬਰ ਬਿੱਲ ਦਾ ਮਸੌਦਾ ਤਿਆਰ ਕਰਵਾਇਆ ਸੀ।

ਸੰਸਦੀ ਸੀਟ ਸੰਗਰੂਰ
ਕਾਂਗਰਸ ਉਮੀਦਵਾਰ- ਕੇਵਲ ਸਿੰਘ ਢਿੱਲੋਂ
ਐਜੂਕੇਸ਼ਨ/ਕਾਰੋਬਾਰ- ਬੀ. ਏ. ਪਾਰਟ-2 ਅਤੇ ਉਦਯੋਗਪਤੀ

ਕੇਵਲ ਸਿੰਘ ਢਿੱਲੋਂ ਪੰਜਾਬ ਵਿਧਾਨ ਸਭਾ ਦੀ ਬਰਨਾਲਾ ਸੀਟ ਦੀ ਅਗਵਾਈ ਕਰਦੇ ਰਹੇ ਹਨ ਪਰ 2017 'ਚ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਦੀ ਮਾਲਵਾ ਖੇਤਰ ਵਿਚ ਹਵਾ ਦੇ ਕਾਰਨ ਉਹ ਹਾਰ ਗਏ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਕੇਵਲ ਸਿੰਘ ਢਿੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਵੀ ਹਨ। ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਪ੍ਰਧਾਨ ਦੇ ਰੂਪ ਵਿਚ ਕਾਰਜਕਾਲ ਦੌਰਾਨ ਕੀਤੀ ਗਈ ਸੀ। ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਢਿੱਲੋਂ ਸੀਨੀਅਰ ਮੰਤਰੀ ਅਹੁਦੇ ਦੇ ਦਾਅਵੇਦਾਰ ਸਨ ਪਰ ਚੋਣਾਂ ਹਾਰਨ ਦੇ ਬਾਅਦ ਉਹ ਸੰਗਰੂਰ ਲੋਕ ਸਭਾ ਸੀਟ ਵਿਚ ਸਰਗਰਮ ਹੋ ਗਏ ਸੀ। ਪਿਛਲੀ ਚੋਣ ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਨੇਤਾ ਵਿਜੇ ਇੰਦਰ ਸਿੰਗਲਾ ਨੇ ਲੜੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦੇ ਹੱਥੋਂ ਹਾਰ ਗਏ ਸੀ। ਉਸ ਤੋਂ ਬਾਅਦ ਉਹ ਲਗਾਤਾਰ ਸੰਗਰੂਰ ਹਲਕੇ ਵਿਚ ਹੀ ਸਰਗਰਮ ਰਹੇ। ਪਹਿਲੀ ਵਾਰ ਉਹ ਸੂਬੇ ਦੀ ਸਿਆਸਤ ਤੋਂ ਉਪਰ ਉਠ ਕੇ ਕੇਂਦਰੀ ਸਿਆਸਤ ਵਿਚ ਦਸਤਕ ਦੇਣ ਜਾ ਰਹੇ ਹਨ।

rajwinder kaur

This news is Content Editor rajwinder kaur