ਲੋਕ ਸਭਾ ਚੋਣਾਂ ਦੀਆਂ ਰੈਲੀਆਂ ''ਚੋਂ ਇਸ ਵਾਰ ਲੋਕ ਸਹੂਲਤਾਂ ਵਾਲੇ ਸਾਰੇ ਮੁੱਦੇ ਗਾਇਬ

05/01/2019 2:48:07 PM

ਫ਼ਰੀਦਕੋਟ (ਹਾਲੀ) : ਪੰਜਾਬ ਹੀ ਨਹੀਂ, ਸਗੋਂ ਦੇਸ਼ 'ਚ ਇਸ ਵਾਰ ਚੋਣ ਭਾਸ਼ਣਾਂ 'ਚ ਨਵੀਂ ਹਵਾ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਵਾਲੇ ਉਮੀਦਵਾਰ ਤੋਂ ਲੈ ਕੇ ਆਮ ਹਲਕੇ ਦੇ ਉਮੀਦਵਾਰ ਤੱਕ ਕੋਈ ਵੀ ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਮੁੱਦਿਆਂ ਬਾਰੇ ਗੱਲ ਨਹੀਂ ਕਰ ਰਿਹਾ। ਲਗਭਗ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦਾ ਜ਼ੋਰ ਆਪਣੇ ਵਿਰੋਧੀਆਂ ਉੱਪਰ ਨਵੀਆਂ-ਨਵੀਆਂ ਤੋਹਮਤਾਂ ਲਾ ਕੇ ਤਾਹਨੇ ਦੇਣ 'ਚ ਲੱਗਾ ਹੋਇਆ ਹੈ। ਉਮੀਦਵਾਰਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਵੋਟਰਾਂ ਦਾ ਮਨਪ੍ਰਚਾਵਾ ਕਰ ਕੇ ਹੀ ਉਹ ਵੋਟਾਂ ਹਾਸਲ ਕਰ ਲੈਣਗੇ। ਲੋਕ ਸਭਾ ਚੋਣਾਂ ਲਈ ਹੁਣ ਤੱਕ ਤਿੰਨ ਗੇੜ 'ਚ ਵੋਟਾਂ ਪੈ ਚੁੱਕੀਆਂ ਹਨ ਅਤੇ ਚੌਥਾ ਗੇੜ ਪੰਜਾਬ ਸਮੇਤ ਹੋਰ ਸੂਬਿਆਂ ਦਾ 19 ਮਈ ਲਈ ਤਿਆਰ ਹੋ ਰਿਹਾ ਹੈ। ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ, ਤਿਵੇਂ-ਤਿਵੇਂ ਚੋਣ ਪ੍ਰਚਾਰ ਦਾ ਮੰਚ ਗਰਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਤੋਂ ਲੈ ਕੇ ਪੰਜਾਬ ਦੇ ਹੇਠਲੇ ਪੱਧਰ 'ਤੇ ਪਿੰਡ-ਪਿੰਡ ਵਾਲੇ ਪ੍ਰਚਾਰ 'ਚ ਇਸ ਵਾਰੀ ਲੋਕ ਸਹੂਲਤਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਭਾਜਪਾ, ਕਾਂਗਰਸ ਉੱਪਰ ਤੋਹਮਤਾਂ ਲਾ ਰਹੀ ਹੈ ਤਾਂ ਕਾਂਗਰਸ, ਭਾਜਪਾ ਦੇ ਨਾਲ-ਨਾਲ ਪੰਜਾਬ ਵਿਚ ਅਕਾਲੀ ਦਲ, 'ਆਪ' ਅਤੇ ਦੂਜੇ ਗਠਜੋੜਾਂ ਵਾਲਿਆਂ ਨੂੰ ਮੇਹਣੇ ਦੇ ਰਹੀ ਹੈ। ਦੇਸ਼ ਭਰ 'ਚ ਜੁਮਲਿਆਂ ਦਾ ਮਾਹੌਲ ਗਰਮ ਹੈ ਅਤੇ ਇਸ ਵਾਰੀ ਇਹ ਜੁਮਲੇ ਸਿਰਫ ਭਾਜਪਾਈ ਹੀ ਨਹੀਂ, ਬਾਕੀ ਸਾਰੀਆਂ ਪਾਰਟੀਆਂ ਵਾਲੇ ਵੀ ਛੱਡ ਰਹੇ ਹਨ।

ਭਾਸ਼ਣਾਂ ਦੀ ਗੱਲ ਕਰੀਏ ਤਾਂ ਇਕ ਆਪਣੇ ਵਿਰੋਧੀ ਨੂੰ ਚੋਰ ਕਹਿ ਰਿਹਾ ਹੈ ਤਾਂ ਦੂਜਾ ਉਸ ਨੂੰ ਭ੍ਰਿਸ਼ਟਾਚਾਰੀ ਅਤੇ ਕੋਈ ਕੁਝ ਹੋਰ। ਪੰਜਾਬ 'ਚ ਜ਼ਿਆਦਾ ਰੌਲਾ ਬਾਹਰੀ ਅਤੇ ਪੈਰਾਸ਼ੂਟ ਰਾਹੀਂ ਆਏ ਉਮੀਦਵਾਰਾਂ ਬਾਰੇ ਜੁਮਲੇਬਾਜ਼ੀ ਕਰ ਕੇ ਪਾਇਆ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਇਸ ਵਾਰੀ ਸਾਰੀਆਂ ਪਾਰਟੀਆਂ ਦੇ ਆਗੂ ਸਿਰਫ ਭਾਸ਼ਣਾਂ ਨਾਲ ਹੀ ਡੰਗ ਟਪਾਉਣ ਵਿਚ ਲੱਗੇ ਹੋਏ ਹਨ। ਵੋਟਰਾਂ ਨੂੰ ਚੋਣਾਂ 'ਚ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਹਨ ਪਰ ਇਸ ਵਾਰ ਸਾਰੀਆਂ ਆਸਾਂ ਢਹਿ-ਢੇਰੀ ਹੁੰਦੀਆਂ ਜਾਪ ਰਹੀਆਂ ਹਨ। ਹਾਲਾਂਕਿ ਇਹ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਚੋਣਾਂ ਹੋ ਰਹੀਆਂ ਹਨ ਪਰ ਇਨ੍ਹਾਂ ਵਿਚ ਲੋਕਾਂ ਲਈ ਸਹੂਲਤਾਂ ਦੇ ਪਟਾਰੇ 'ਚੋਂ ਕੋਈ ਵਾਅਦਾ ਨਹੀਂ ਕੀਤਾ ਜਾ ਰਿਹਾ।

ਕਿਉਂ ਹੋ ਰਿਹਾ ਇਹ
ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰੀ ਸਾਰੀਆਂ ਪਾਰਟੀਆਂ ਇਸ ਕਰ ਕੇ ਮੁੱਦੇ ਵਿਸਾਰ ਰਹੀਆਂ ਹਨ ਕਿ ਲੋਕ ਵੱਡੀ ਪੱਧਰ 'ਤੇ ਜਾਗਰੂਕ ਹੋ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਪਾਰਟੀਆਂ ਤੋਂ ਕੀਤੇ ਵਾਅਦਿਆਂ ਬਾਰੇ ਜਵਾਬ ਮੰਗਣ ਲੱਗ ਪਏ ਹਨ। ਇੱਥੋਂ ਤੱਕ ਕਿ ਪੰਜਾਬ 'ਚ ਤਾਂ ਵੱਡੀਆਂ ਪਾਰਟੀਆਂ ਦੇ ਵੱਡੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਪਿੰਡਾਂ ਤੇ ਸ਼ਹਿਰਾਂ ਵਿਚ ਮਾਈਕ ਤੱਕ ਖੋਹ ਕੇ ਸਵਾਲ ਕਰਨ ਲੱਗੇ ਹਨ। ਇਨ੍ਹਾਂ ਹਾਲਾਤ ਨੂੰ ਦੇਖਦਿਆਂ ਉਮੀਦਵਾਰਾਂ ਨੇ ਜੁਮਲੇਬਾਜ਼ੀ, ਸਿਆਸੀ ਚੁਟਕਲੇ ਅਤੇ ਤੋਹਮਤਾਂ ਨੂੰ ਪਹਿਲ ਦੇ ਰੱਖੀ ਹੈ। ਇਸ ਤਰ੍ਹਾਂ ਕਰ ਕੇ ਵੋਟਰਾਂ ਦਾ ਮਨਪ੍ਰਚਾਵਾ ਹੋ ਰਿਹਾ ਹੈ ਅਤੇ ਚੋਣਾਂ ਜਿੱਤਣ ਦੀ ਸੂਰਤ ਵਿਚ ਕੋਈ ਸਹੂਲਤ ਦੇਣ ਦਾ ਵਾਅਦਾ ਵੀ ਨਹੀਂ ਕਰਨਾ ਪੈ ਰਿਹਾ।

ਕਿਸ ਵਰਗ ਦੇ ਮੁੱਦੇ ਹੋਏ ਗਾਇਬ
ਦੇਸ਼ ਅਤੇ ਪੰਜਾਬ 'ਚ ਬੇਰੋਜ਼ਗਾਰੀ, ਵਪਾਰੀਆਂ ਦੀ ਬਰਬਾਦੀ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਸਹੂਲਤਾਂ, ਨਸ਼ਿਆਂ, ਸੜਕਾਂ ਉੱਪਰ ਵੱਧ ਰਹੇ ਹਾਦਸੇ, ਪੱਛੜੇ ਵਰਗਾਂ ਦੀ ਆਰਥਕ ਮੰਦਹਾਲੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ, ਕਿਸਾਨਾਂ ਦੇ ਕਰਜ਼ੇ, ਬੇਰੋਜ਼ਗਾਰੀ ਭੱਤੇ, ਛੋਟੇ ਕਾਰੋਬਾਰੀਆਂ ਲਈ ਐਲਾਨ, ਪਾਣੀ ਅਤੇ ਹਵਾ ਵਿਚ ਵਧ ਰਿਹਾ ਪ੍ਰਦੂਸ਼ਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਰਗੇ ਵੱਡੇ ਮੁੱਦੇ ਇਸ ਵਾਰੀ ਚੋਣਾਂ 'ਚੋਂ ਗਾਇਬ ਹਨ।

ਇਸ ਬਾਰੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਸਮਥਕ ਰਹੇ ਫਰੀਦਕੋਟ ਦੇ ਸਮਾਜ ਸੇਵੀ ਪ੍ਰਵੀਨ ਕਾਲਾ ਨੇ ਕਿਹਾ ਕਿ ਇਸ ਵਾਰੀ ਚੋਣਾਂ ਵਿਚ ਮੁੱਦੇ ਗਾਇਬ ਕਰ ਕੇ ਲੋਕਾਂ ਨੂੰ ਸਾਰੀਆਂ ਪਾਰਟੀਆਂ ਸਿਰਫ ਜੁਮਲੇ ਸੁਣਾ ਰਹੀਆਂ ਹਨ ਪਰ ਇਨ੍ਹਾਂ ਜੁਮਲਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਨ ਵਾਲਾ।
 

Anuradha

This news is Content Editor Anuradha