ਖੁਲ੍ਹੇ ਚੋਣ ਪ੍ਰਚਾਰ ਦੀਆਂ ਆਖਰੀ ਘੜੀਆਂ 'ਚ ਤੇਜ਼ ਹੋਈ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ

05/17/2019 4:29:44 PM

ਗੁਰਦਾਸਪੁਰ (ਹਰਮਨਪ੍ਰੀਤ) : ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ 'ਚ ਪੰਜਾਬ ਅੰਦਰ 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਅਧੀਨ ਉਮੀਦਵਾਰ ਕੋਲ ਖੁੱਲੇ ਚੋਣ ਪ੍ਰਚਾਰ ਲਈ ਸਿਰਫ ਕੁਝ ਘੰਟਿਆਂ ਦਾ ਸਮਾ ਰਹਿ ਜਾਣ ਕਾਰਨ ਨਾ ਸਿਰਫ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਇਸ ਆਖਰੀ ਦੌਰ 'ਚ ਵੋਟਰਾਂ ਨੂੰ ਹਰ ਹੀਲੇ ਆਪਣੇ ਵੱਲ ਆਕਰਸ਼ਿਤ ਕਰਨ ਦੇ ਯਤਨ ਵੀ ਸਿਖਰਾਂ 'ਤੇ ਪਹੁੰਚ ਗਏ ਹਨ। ਇਸ ਦੇ ਚਲਦਿਆਂ ਇਨ੍ਹਾਂ ਦਿਨਾਂ 'ਚ ਸਾਰਾ ਦਿਨ ਹੀ ਚੋਣ ਲੜ ਰਹੇ ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੇ ਹਮਾਇਤੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਵੀ ਜ਼ਿਆਦਾ ਤੋਂ ਜ਼ਿਆਦਾ ਚੋਣ ਮੀਟਿੰਗਾਂ ਕਰਨ ਦੀ ਕੋਸ਼ਿਸ਼ ਜਾਰੀ ਕੀਤੀ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰ ਕੋਲ ਖੁੱਲ੍ਹੇ ਚੋਣ ਪ੍ਰਚਾਰ ਲਈ ਸਿਰਫ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਦਾ ਹੀ ਸਮਾਂ ਹੈ ਜਿਸ ਦੇ ਬਾਅਦ ਕੋਈ ਵੀ ਉਮੀਦਵਾਰ ਜਨਤਕ ਰੈਲੀ ਜਾਂ ਮੀਟਿੰਗ ਕਰਕੇ ਸਪੀਕਰ ਰਾਹੀਂ ਚੋਣ ਪ੍ਰਚਾਰ ਨਹੀਂ ਕਰ ਸਕੇਗਾ। ਇਸ ਕਾਰਨ ਆਪਣੀ ਚੋਣ ਮੁਹਿੰਮ ਨੂੰ ਅੰਤਿਮ ਹੁਲਾਰਾ ਦੇਣ ਲਈ ਹਰੇਕ ਉਮੀਦਵਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦੇ ਹੱਕ 'ਚ ਪਾਰਟੀ ਦਾ ਕੋਈ ਨਾ ਕੋਈ ਸਟਾਰ ਪ੍ਰਚਾਰਕ ਲੋਕਾਂ ਨੂੰ ਸੰਬੋਧਨ ਕਰਨ ਲਈ ਆਏ ਅਤੇ ਰਾਜਸੀ ਪਾਰਟੀਆਂ ਦੀ ਵੀ ਇਹੀ ਕੋਸ਼ਿਸ਼ ਨਜ਼ਰ ਆ ਰਹੀ ਹੈ ਕਿ ਕਮਜ਼ੋਰ ਸਥਿਤੀ 'ਚ ਲੰਘ ਰਹੇ ਉਮੀਦਵਾਰਾਂ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ। 

ਚੋਣ ਕਮਿਸ਼ਨ ਵੀ ਹੋਇਆ ਚੌਕਸ
ਪੋਲਿੰਗ ਦਾ ਸਮਾਂ ਨੇੜੇ ਆਉਣ ਕਾਰਨ ਜਿਥੇ ਉਮੀਦਵਾਰਾਂ ਦੀਆਂ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਨੇ ਵੀ ਚੌਕਸੀ ਵਧਾ ਦਿੱਤੀ ਹੈ ਤਾਂ ਜੋ ਕਿਸੇ ਵੀ ਪਿੰਡ ਸ਼ਹਿਰ ਜਾਂ ਕਸਬੇ 'ਚ ਕਿਸੇ ਵੀ ਤਰ੍ਹਾਂ ਨਾਲ ਵੋਟਰਾਂ ਨੂੰ ਲਾਲਚ ਦੇਣ, ਡਰਾਉਣ ਜਾਂ ਧਮਕਾਉਣ ਦੀ ਕਾਰਵਾਈ ਸਫਲ ਨਾ ਹੋ ਸਕੇ। 

ਬਾਹਰਲੇ ਉਮੀਦਵਾਰਾਂ ਲਈ ਪੈਦਾ ਹੋਵੇਗੀ ਪ੍ਰੇਸ਼ਾਨੀ
17 ਮਈ ਨੂੰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਵੀ ਹਲਕੇ ਅੰਦਰ ਕਿਸੇ ਬਾਹਰਲੇ ਜ਼ਿਲ੍ਹੇ ਦਾ ਕੋਈ ਵੀ ਸਿਆਸੀ ਸਮਰਥਕ ਨਹੀਂ ਠਹਿਰ ਸਕੇਗਾ। ਜਿਸ ਕਾਰਨ ਬਾਹਰਲੇ ਹਲਕਿਆਂ 'ਚ ਜਾ ਕੇ ਚੋਣ ਲੜ ਰਹੇ ਕਈ ਉਮੀਦਵਾਰਾਂ ਲਈ ਪ੍ਰੇਸ਼ਾਨੀ ਪੈਦਾ ਹੋਣੀ ਸੁਭਾਵਿਕ ਹੋਵੇਗੀ ਕਿਉਂਕਿ ਇਨ੍ਹਾਂ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਅਤੇ ਉਨ੍ਹਾਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਜ਼ਿਆਦਾਤਰ ਆਗੂ ਬਾਹਰਲੇ ਹਲਕਿਆਂ ਅਤੇ ਜ਼ਿਲ੍ਹਿਆਂ 'ਚੋਂ ਹੀ ਆਏ ਹੋਏ ਹਨ। ਇਸ ਕਾਰਨ ਅਜਿਹੇ ਉਮੀਦਵਾਰਾਂ ਵੱਲੋਂ ਅੱਜ ਹੀ ਹਰ ਤਿਆਰੀ ਅਤੇ ਹੋਰ ਕੰਮਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਸ਼ਾਮ 5 ਵਜੇ ਦੇ ਬਾਅਦ ਉਨ੍ਹਾਂ ਦੇ ਜ਼ਿਆਦਾਤਰ ਸਮਰਥਕਾਂ ਅਤੇ ਸਾਥੀਆਂ ਦੇ ਹਲਕਾ ਛੱਡ ਜਾਣ ਕਾਰਨ ਕੋਈ ਕੰਮ ਪ੍ਰਭਾਵਿਤ ਨਾ ਹੋਵੇ।

ਹਲਕਿਆਂ 'ਚ 'ਤਰਲਿਆਂ' ਦਾ ਦੌਰ ਵੀ ਸ਼ੁਰੂ
ਚੋਣ ਪ੍ਰਚਾਰ ਸਿਖਰ 'ਤੇ ਪਹੁੰਚਣ ਦੇ ਜਿਹੜੇ ਹਲਕਿਆਂ ਅੰਦਰ ਉਮੀਦਵਾਰਾਂ ਦੌਰਾਨ ਫਸਵਾਂ ਮੁਕਾਬਲਾ ਨਜ਼ਰ ਆ ਰਿਹਾ ਹੈ। ਉਨ੍ਹਾਂ ਹਲਕਿਆਂ ਅੰਦਰ ਸਬੰਧਿਤ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਬੁੱਲਾਂ 'ਤੇ ਸਿਕਰੀ ਜੰਮਦੀ ਨਜਰ ਆ ਰਹੀ ਹੈ। ਖਾਸ ਤੌਰ 'ਤੇ ਸੱਤਾਧਾਰੀ ਵਿਧਾਇਕ ਤਾਂ ਕੈਪਟਨ ਦੀ ਘੁਰਕੀ ਕਾਰਨ ਹੋਰ ਵੀ ਸਰਗਰਮ ਤੇ ਪ੍ਰੇਸ਼ਾਨ ਨਜਰ ਆ ਰਹੇ ਹਨ ਜਿਨ੍ਹਾਂ ਵੱਲੋਂ ਹਰ ਹੀਲੇ ਆਪਣੇ ਹਲਕੇ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਿਤ ਇੰਚਾਰਜ ਵੀ ਇਨ੍ਹਾਂ ਚੋਣਾਂ ਨੂੰ ਪਾਰਟੀ ਦੀ ਵਾਪਸੀ ਦੀ ਨੀਂਹ ਮੰਨਦਿਆਂ ਹਰ ਹੀਲੇ ਆਪਣੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਦੀ ਦੌੜ ਵਿਚ ਦਿਖਾਈ ਦੇ ਰਹੇ ਹਨ ਤਾਂ ਜੋ ਵੱਡੀ ਲੀਡ ਲੈ ਕੇ ਅਗਲੇ ਸਮੇਂ ਵਿਚ ਆਪਣੀ ਜਿੱਤ ਦਾ ਮੁੱਢ ਬੰਨ ਸਕਣ। ਇਸਤਰ੍ਹਾਂ ਹੇਠਲੇ ਪੱਧਰ'ਤੇ ਹਾਲਾਤ ਇਹ ਨਜ਼ਰ ਆ ਰਹੇ ਹਨ ਕਿ ਜਿਹੜੇ ਸੱਤਾਧਾਰੀ ਆਗੂ ਕੁਝ ਦਿਨ ਪਹਿਲਾਂ ਤੱਕ ਕਿਸੇ ਦੀ ਪਰਵਾਹ ਨਹੀਂ ਕਰ ਰਹੇ ਸਨ ਉਹ ਹੁਣ ਰੁੱਸਿਆਂ ਨੂੰ ਮਨਾਉਣ ਅਤੇ ਲਾਲਚੀਆਂ ਨੂੰ ਭਰਮਾਉਣ ਦੀ ਹਰ ਕੋਸ਼ਿਸ਼ 'ਚ ਲੱਗੇ ਦਿਖਾਈ ਦੇ ਰਹੇ ਹਨ। ਇਸ ਤਹਿਤ ਕਈ ਆਗੂ ਹੁਣ ਤਰਲੇ ਮਾਰਨ 'ਤੇ ਵੀ ਉਤਰ ਆਏ ਹਨ।

Anuradha

This news is Content Editor Anuradha