ਸਰਹੱਦੀ ਖੇਤਰ ਦੀ ਆਵਾਜ਼ ਬਣ ਕੇ ਸੰਸਦ ''ਚ ਗਰਜੇ ਐੱਮ. ਪੀ. ਔਜਲਾ

01/05/2018 9:10:21 AM

ਅੰਮ੍ਰਿਤਸਰ (ਵਾਲੀਆ)- ਲੋਕ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਪੱਖਪਾਤੀ ਰਵੱਈਏ ਅਤੇ ਸਰਕਾਰ ਦੀ ਬੇਧਿਆਨੀ ਕਾਰਨ ਬੰਦ ਹੋਣ ਕਿਨਾਰੇ ਪੁੱਜ ਚੁੱਕੇ ਸਰਹੱਦੀ ਖੇਤਰ ਦੇ ਉਦਯੋਗਾਂ ਅਤੇ ਹੋਰਨਾਂ ਮੰਗਾਂ ਸਬੰਧੀ ਅੰਮ੍ਰਿਤਸਰ ਤੋਂ ਨੌਜਵਾਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਜ਼ੋਰਦਾਰ ਤਰੀਕੇ ਨਾਲ ਉਠਾਉਂਦਿਆਂ ਸਰਕਾਰ ਦੇ ਵਿਸ਼ੇਸ਼ ਧਿਆਨ ਦੀ ਮੰਗ ਕੀਤੀ। ਔਜਲਾ ਨੇ ਪੰਜਾਬੀ ਭਾਸ਼ਾ ਪ੍ਰਤੀ ਮੋਹ ਜਤਾਉਂਦਿਆਂ ਸਰਦ ਰੁੱਤ ਸੈਸ਼ਨ ਦੌਰਾਨ ਪੰਜਾਬੀ ਭਾਸ਼ਾ ਵਿਚ ਬੋਲਦਿਆਂ ਸਰਕਾਰ ਦਾ ਧਿਆਨ ਪੰਜਾਬ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਵੱਲ ਦਿਵਾਉਂਦਿਆਂ ਜ਼ੀਰੋ ਆਵਰ ਦੌਰਾਨ ਸਪੈਸ਼ਲ ਇਕਨਾਮਿਕ ਜ਼ੋਨ (ਵਿਸ਼ੇਸ਼ ਆਰਥਿਕ ਖੇਤਰ) ਦੀ ਮੰਗ ਕਰਦਿਆਂ ਸਰਕਾਰ ਦੀ ਪੰਜਾਬ ਦੇ ਸਰਹੱਦੀ ਖੇਤਰ ਲਈ ਕੋਈ ਵਿਸ਼ੇਸ਼ ਉਦਯੋਗਿਕ ਨੀਤੀ ਨਾ ਹੋਣ ਅਤੇ ਸਰਕਾਰ ਦੀ ਬੇਧਿਆਨੀ ਕਾਰਨ ਬੰਦ ਹੋਣ ਕਿਨਾਰੇ ਪੁੱਜ ਚੁੱਕੀਆਂ ਉਦਯੋਗਿਕ ਇਕਾਈਆਂ ਸਬੰਧੀ ਕਿਹਾ ਕਿ ਸੰਨ 2000 ਵਿਚ ਅੰਮ੍ਰਿਤਸਰ 'ਚ ਕਰੀਬ 20200 ਉਦਯੋਗਿਕ ਯੂਨਿਟ ਸਨ, ਜੋ ਅੱਜ ਘੱਟ ਕੇ 10200 ਰਹਿ ਗਏ ਹਨ ਅਤੇ 8053 ਯੂਨਿਟ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਇਸੇ ਤਰ੍ਹਾਂ 1980 ਦੇ ਦਹਾਕੇ ਦੌਰਾਨ ਕਰੀਬ 250 ਪ੍ਰੋਸੈਸਿੰਗ ਯੂਨਿਟ ਚੱਲ ਰਹੇ ਸਨ, ਜੋ ਅੱਜ 20 ਫੀਸਦੀ ਸਿਰਫ 50 ਹੀ ਆਪਣੇ ਦਮ 'ਤੇ ਚੱਲ ਰਹੇ ਹਨ।
ਔਜਲਾ ਨੇ ਬੋਲਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਖੇਤਰ ਵਿਚ 300 ਤੋਂ ਵੱਧ ਸ਼ੈਲਰ ਸਨ, ਜੋ ਅੱਜ ਕੇਂਦਰ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਆਸ ਵਿਚ ਦਮ ਤੋੜਦਿਆਂ ਸਿਰਫ 100 ਦੇ ਕਰੀਬ ਹੀ ਚੱਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੂਰੀ ਤਰ੍ਹਾਂ ਬੰਦ ਹੋਣ ਕਿਨਾਰੇ ਪੁੱਜ ਚੁੱਕੇ ਪੱਖਾ ਅਤੇ ਹੈਂਡਲੂਮ ਉਦਯੋਗਾਂ ਨੂੰ ਬਚਾਉਣ ਲਈ ਸਰਹੱਦੀ ਜ਼ਿਲੇ ਅੰਮ੍ਰਿਤਸਰ ਨੂੰ ਵਿਸ਼ੇਸ਼ ਆਰਥਿਕ ਖੇਤਰ (ਸਪੈਸ਼ਲ ਇਕਨਾਮਿਕ ਜ਼ੋਨ) ਐਲਾਨਿਆ ਜਾਵੇ, ਜਿਸ ਨਾਲ ਗੁਰਦਾਸਪੁਰ ਤੇ ਫਿਰੋਜ਼ਪੁਰ ਸਰਹੱਦੀ ਜ਼ਿਲਿਆਂ ਨੂੰ ਵੀ ਲਾਭ ਹੋਵੇਗਾ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਸਰਕਾਰ ਦੇ ਧਿਆਨ 'ਚ ਲਿਆਉਂਦਿਆਂ ਮੈਂਬਰ ਪਾਰਲੀਮੈਂਟ ਔਜਲਾ ਨੇ ਕਿਹਾ ਕਿ 2007 ਵਿਚ ਯੂ. ਪੀ. ਏ. ਸਰਕਾਰ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਪਾਕਿਸਤਾਨ ਰੇਡੀਓ ਅਤੇ ਟੀ. ਵੀ. ਵੱਲੋਂ ਭਾਰਤ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਰੋਕਣ ਅਤੇ ਪਾਕਿਸਤਾਨ ਦੀ ਜਨਤਾ ਤੱਕ ਸੱਚ ਪਹੁੰਚਾਉਣ ਦੇ ਮਕਸਦ ਨਾਲ ਦੇਸ਼ ਵਿਚ 3 ਉੱਚ ਸਮਰੱਥਾ ਵਾਲੇ ਟਾਵਰ (ਹਾਈ ਫਰੀਕੁਐਂਸੀ ਟਾਵਰ) ਲਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚੋਂ 2 ਟਾਵਰ ਅਮੇਠੀ ਤੇ ਰਾਏਬਰੇਲੀ ਵਿਖੇ ਬਣ ਕੇ ਤਿਆਰ ਹੋ ਚੁੱਕੇ ਹਨ, ਜਦਕਿ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿਖੇ ਲੱਗਣ ਵਾਲਾ 1000 ਫੁੱਟ ਉੱਚਾ ਟਾਵਰ 2013 ਵਿਚ ਪੂਰਾ ਹੋਣ ਤੋਂ ਬਾਅਦ ਵੀ ਸ਼ੁਰੂ ਨਹੀਂ ਕੀਤਾ ਗਿਆ।