ਲੋਕ ਜਨ ਸ਼ਕਤੀ ਪਾਰਟੀ ਦੇ ਵਫਦ ਨੇ ਸਰਬਤ ਖਾਲਸਾ ਦੇ ਜੱਥੇਦਾਰ ਦਾਦੂਵਾਲ ਨੂੰ ਦਿੱਤਾ ਮੰਗ ਪੱਤਰ

11/06/2017 3:10:38 PM

ਤਲਵੰਡੀ ਸਾਬੋ (ਮੁਨੀਸ਼) — ਮਾਨਸਾ ਜ਼ਿਲੇ ਦੇ ਪਿੰਡ ਫਫੜੇ ਭਾਈਕੇ ਦੇ ਗੁਰਦੁਆਰਾ ਸਾਹਿਬ 'ਚ ਇਕ ਦਲਿਤ ਲੜਕੀ ਨੂੰ ਲੰਗਰ ਲੈ ਜਾਂਦੇ ਸਮੇਂ ਗੁਰਦੁਆਰਾ ਸਾਹਿਬ ਕਮੇਟੀ ਦੇ ਇਕ ਜ਼ਿੰਮੇਵਾਰ ਅਹੁਦਾਅਧਿਕਾਰੀ ਵਲੋਂ ਬੁਰਾ-ਭਲਾ ਕਹਿਣ ਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲਣ 'ਤੇ ਲੜਕੀ ਵਲੋਂ ਸਲਫਾਸ ਨਿਗਲ ਲੈਣ ਦੇ ਮਾਮਲੇ 'ਚ ਲੋਕ ਜਨ ਸ਼ਕਤੀ ਪਾਰਟੀ ਤੇ ਦਲਿਤ ਮਹਾ ਪੰਚਾਇਤ ਦੇ ਇਕ ਪ੍ਰਤੀਨਿਧੀ ਮੰਡਲ ਨੇ ਸਰਬਤ ਖਾਲਸਾ ਦੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਸਾਹਿਬ ਦੇ ਸੰਬੰਧਿਤ ਅਹੁਦਾਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੁਲਾਕਾਤ ਦੌਰਾਨ ਜਨਸ਼ਕਤੀ ਪਾਰਟੀ ਦੇ ਪ੍ਰਤੀਨਿਧੀ ਮੰਡਲ ਨੇ ਦੱਸਿਆ ਕਿ ਬੱਚੀ ਰਣਜੀਤ ਕੌਰ ਪੂਰਾ ਦਿਨ ਸੇਵਾ ਕਰਨ ਮਗਰੋਂ ਸ਼ਾਮ ਨੂੰ ਬਚੀ ਲੰਗਰ ਦੀ ਦਾਲ ਆਪਣੇ ਘਰ ਲੈ ਜਾਣ ਲੱਗੀ ਤਾਂ ਕਿਸੇ ਰੰਜਿਸ਼ ਤਹਿਤ ਲੋਕਲ ਗੁਰਦੁਆਰਾ ਕਮੇਟੀ ਦੇ ਇਕ ਅਹੁਦਾ ਅਧਿਕਾਰੀ ਨੇ ਬੁਰਾ-ਭਲਾ ਬੋਲਦੇ ਹੋਏ ਉਸ ਨੂੰ ਦਾਲ ਵਾਪਸ ਰੱਖਣ ਲਈ ਕਹਿ ਦਿੱਤਾ। ਉਕਤ ਜਲਾਲਤ ਨਾ ਸਹਿੰਦੇ ਹੋਏ ਉਸ ਬੱਚੀ ਨੇ ਘਰ ਜਾ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਤੇ ਹੁਣ ਉਹ ਸਿਵਲ ਹਸਪਤਾਲ ਮਾਨਸਾ 'ਚ ਦਾਖਲ ਹੈ। ਦਾਦੂਵਾਲ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਲਵਾਇਆ ਕਿ ਜਲਦ ਹੀ ਪੀੜਤ ਲੜਕੀ ਦੇ ਪਰਿਵਾਰ ਨੂੰ ਮਿਲ ਕੇ ਘਟਨਾ ਦੀ ਜਾਣਕਾਰੀ ਲਈ ਜਾਵੇਗੀ ਤੇ ਦੋਸ਼ੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।