ਰੋਹਿੰਗਾ ਮੁਸਲਮਾਨਾਂ ''ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਰੋਕਣ ਲਈ ਲੋਕ ਇਨਸਾਫ ਪਾਰਟੀ ਨੇ ਕੱਢੀ ਰੈਲੀ

09/16/2017 7:36:11 AM

ਮਾਲੇਰਕੋਟਲਾ (ਜ਼ਹੂਰ, ਸ਼ਹਾਬੂਦੀਨ)-ਲੋਕ ਇਨਸਾਫ ਪਾਰਟੀ ਵੱਲੋਂ ਅੱਜ ਸਰਹੰਦੀ ਗੇਟ ਤੋਂ ਐੱਸ. ਡੀ. ਐੱਮ. ਦਫਤਰ ਤੱਕ ਰੈਲੀ ਕੱਢ ਕੇ ਭਾਰਤ ਦੇ ਗੁਆਂਢੀ ਦੇਸ਼ ਬਰਮਾ ਦੇ ਮਿਆਂਮਾਰ 'ਚ ਯੋਜਨਾਬੱਧ ਢੰਗ ਨਾਲ ਰੋਹਿੰਗਾ ਮੁਸਲਮਾਨਾਂ ਦੇ ਕੀਤੇ ਜਾ ਰਹੇ ਕਤਲ ਤੇ ਅੰਨ੍ਹੇ ਤਸ਼ੱਦਦ ਨੂੰ ਰੋਕਣ ਲਈ ਤਹਿਸੀਲਦਾਰ ਸਿਰਾਜ ਅਹਿਮਦ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਯੂਨਾਈਟਿਡ ਨੈਸ਼ਨਲ ਹਿਊਮਨ ਰਾਈਟ ਕੌਂਸਲ ਦੇ ਨਾਂ ਮੰਗ ਪੱਤਰ ਸੌਂਪਿਆ ।
ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਮੀਤ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਗੁਆਂਢੀ ਦੇਸ਼ ਮੀਆਂਮਾਰ (ਬਰਮਾ) ਅੰਦਰ ਜਿੱਥੇ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ 5 ਫੀਸਦੀ ਹੈ। ਉਪਰ ਉਥੋਂ ਦੇ ਬਹੁਗਿਣਤੀ ਤੇ ਫੌਜ ਅਣਮਨੁੱਖੀ ਵਿਵਹਾਰ ਹੀ ਨਹੀਂ ਕਰਦੀ ਸਗੋਂ ਦਿਲ ਨੂੰ ਝੰਜੋੜਨ ਵਾਲੇ ਅੱਤਿਆਚਾਰ ਕਰਦੀ ਹੈ । ਉਨ੍ਹਾਂ ਕਿਹਾ ਕਿ ਜਦੋਂ ਪ੍ਰਸ਼ਾਸਨ ਹੀ ਕਿਸੇ ਵਿਸ਼ੇਸ਼ ਵਰਗ ਨਾਲ ਹੋ ਰਹੇ ਅੱਤਿਆਚਾਰ ਦਾ ਸਾਥ ਦੇਵੇ ਤਾਂ ਇਸ ਨੂੰ ਉਸ ਵਰਗ ਜਾਂ ਕੌਮ ਦੀ ਨਸਲਕੁਸ਼ੀ ਕਿਹਾ ਜਾਵੇਗਾ ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕੀ ਧਰਮ ਨਿਰਪੱਖ ਪ੍ਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਗੁਆਂਢੀ ਮੁਲਕ ਵਿਚ ਇਕ ਵਿਸ਼ੇਸ਼ ਧਰਮ 'ਤੇ ਹੋ ਰਹੇ ਗੈਰ-ਮਨੁੱਖੀ ਵਰਤਾਰੇ ਵਿਰੁੱਧ ਰੋਸ ਪ੍ਰਗਟ ਕਰ ਕੇ ਤਸ਼ੱਸ਼ਦ ਨੂੰ ਰੋਕਣ।