ਲੋਕ ਇਨਸਾਫ ਪਾਰਟੀ ਵਲੋਂ ''ਸਾਡਾ ਪਾਣੀ, ਸਾਡਾ ਹੱਕ'' ਮੁਹਿੰਮ ਤਹਿਤ ਹਸਤਾਖਰ ਮੁਹਿੰਮ ਸ਼ੁਰੂ

07/17/2019 8:31:17 PM

ਮੋਹਾਲੀ,(ਨਿਆਮੀਆਂ): ਲੋਕ ਇਨਸਾਫ ਪਾਰਟੀ ਵਲੋਂ ਸ਼ੁਰੂ ਕੀਤੀ ਗਈ 'ਸਾਡਾ ਪਾਣੀ ਸਾਡਾ ਹੱਕ' ਮੁਹਿੰਮ ਤਹਿਤ ਅੱਜ ਮੋਹਾਲੀ 'ਚ ਹਸਤਾਖਰ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਦੀ ਰਸਮੀ ਸ਼ੁਰੂਆਤ ਲੋਕ ਇਕਾਈ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਕੀਤੀ ਗਈ। ਇਸ ਮੌਕੇ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦੀ ਬੇਹਦ ਕਮੀ ਹੈ ਤੇ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਪਾਣੀ ਵੀ ਨਹੀਂ ਹੈ ਪਰ ਕੇਂਦਰ ਦੀਆਂ ਸਰਕਾਰਾਂ ਦੀ ਬਦਨੀਅਤੀ ਕਾਰਨ ਪੰਜਾਬ ਦਾ ਬੇਸ਼ਕੀਮਤੀ ਪਾਣੀ ਹੋਰਨਾਂ ਸੂਬਿਆਂ ਨੂੰ ਮੁਫਤ ਭੇਜਿਆ ਜਾ ਰਿਹਾ ਹੈ, ਜਦਕਿ ਪੰਜਾਬ ਕੋਲ ਆਪਣੀ ਲੋੜ ਲਈ ਵੀ ਪਾਣੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੀਮਤ ਲਗਾਈ ਜਾਵੇ ਤਾਂ ਹੁਣ ਤਕ ਰਾਜਸਥਾਨ ਵੱਲ ਗਏ ਪਾਣੀ ਦੇ 16 ਲੱਖ ਕਰੋੜ ਰੁਪਏ ਬਕਾਇਆ ਬਣਦਾ ਹੈ, ਜੋ ਕਿ ਪੰਜਾਬ ਨੂੰ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਵਲੋਂ ਪਾਣੀ ਦੀ ਕੀਮਤ ਵਸੂਲੀ ਸਬੰਧੀ ਪਹਿਲਾਂ ਹੀ ਮਤਾ ਪਾਸ ਹੋ ਚੁੱਕਾ ਹੈ ਤੇ ਜੇਕਰ ਇਹ ਰਕਮ ਪੰਜਾਬ ਨੂੰ ਮਿਲਦੀ ਹੈ ਤਾਂ ਇਸ ਨਾਲ ਜਿਥੇ ਪੰਜਾਬ ਸਿਰ ਚੜਿਆ ਕਰਜ਼ਾ ਉਤਰ ਸਕਦਾ ਹੈ। ਉਥੇ ਪੰਜਾਬ ਦੇ ਖਜ਼ਾਨੇ 'ਚ ਆਉਣ ਵਾਲੀ ਇਸ ਵੱਡੀ ਰਕਮ ਨਾਲ ਹਰ ਧਰਮ ਤੇ ਹਰ ਜਾਤ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਜੀਵਨ 'ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਜਾਏਗੀ। ਪੰਜਾਬ 'ਚ ਵਪਾਰ ਤੇ ਉਦਯੋਗ ਦੀ ਤਰੱਕੀ ਲਈ ਟੈਕਸਾਂ 'ਚ ਰਿਆਇਤ ਦਿੱਤੀ ਜਾ ਸਕਦੀ ਹੈ। ਬੇਘਰਾਂ ਨੂੰ ਵਧੀਆ ਮਕਾਨ ਦਿੱਤੇ ਜਾ ਸਕਦੇ ਹਨ, ਬੁਢਾਪਾ ਤੇ ਵਿਧਵਾ ਪੈਨਸ਼ਨਾਂ 10,000 ਰੁਪਏ ਕੀਤੀ ਜਾ ਸਕਦੀ ਹੈ, ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਤੇ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ਾਂ ਦੇ ਹੋਣ ਵਾਲੇ ਇਲਾਜ ਦਾ ਖਰਚਾ ਵੀ ਚੁੱਕਿਆ ਜਾ ਸਕਦਾ ਹੈ।|

ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਵਲੋਂ ਪੰਜਾਬ ਨੂੰ ਬੰਜਰ ਹੋਣ ਅਤੇ ਪਾਣੀ ਨੂੰ ਬਚਾਉਣ ਲਈ ਇਹ ਜਲ ਅੰਦੋਲਨ 'ਸਾਡਾ ਪਾਣੀ ਸਾਡਾ ਹੱਕ' ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪੰਜਾਬ ਦੇ 21 ਲੱਖ ਲੋਕਾ ਤੋਂ ਦਸਤਖਤ ਕਰਵਾ ਕੇ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਵਿਚ ਕੇਸ ਦਾਇਰ ਕੀਤਾ ਜਾਵੇਗਾ। ਇਸ ਮੌਕੇ ਲੋਕ ਇਕਾਈ ਪਾਰਟੀ ਦੇ ਜ਼ਿਲਾ ਪ੍ਰਧਾਨ ਸੰਨੀ ਬਰਾੜ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।