ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਧੀਆਂ ਦੀ ਵੰਡੀ ਲੋਹੜੀ

01/14/2018 12:44:36 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ) - ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਤਾਂ ਹੀ ਠੱਲ ਪਵੇਗੀ ਜੇਕਰ ਸਮਾਜ 'ਚ ਸੌੜੀ ਸੋਚ ਰੱਖਣ ਵਾਲੇ ਲੋਕਾਂ ਦੀ ਸੋਚ ਨੂੰ ਬਦਲਣ ਲਈ ਚੰਗੀ ਸੋਚ ਰੱਖਣ ਵਾਲੇ ਲੋਕ ਤੇ ਧੀਆਂ ਦੇ ਮਾਪੇ ਅੱਗੇ ਆ ਕੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਨਮਾਨ ਦੇਣਗੇ। ਇਹ ਪ੍ਰਗਟਾਵਾ ਪਿੰਡ ਸੋਹਲ ਵਾਸੀ ਸਮਾਜ ਸੇਵੀ ਹਰਮਨ ਸਿੰਘ ਅਤੇ ਮਨਪ੍ਰੀਤ ਕੌਰ ਨੇ ਆਪਣੀ 10 ਮਹੀਨਿਆਂ ਦੀ ਇਕਲੌਤੀ ਧੀ ਹਮਛਾਇਆ ਦੀ ਪਹਿਲੀ ਲੋਹੜੀ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜਮਾਨਾ ਬਦਲ ਗਿਆ ਹੈ ਤੇ ਲੜਕੀ, ਲੜਕੇ 'ਚ ਅੰਤਰ ਹੋਣ ਦੀ ਗੱਲ ਹੁਣ ਪੁਰਾਣੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਨਾਂ ਵੀ ਆਪਸੀ ਸਹਿਮਤੀ ਨਾਲ 'ਹਮਛਾਇਆ' ਇਸ ਕਰਕੇ ਰੱਖਿਆ ਹੈ ਕਿ ਉਹ ਸਾਨੂੰ ਪੁੱਤਾਂ ਤੋਂ ਵੀ ਵੱਧ ਕੇ ਪਿਆਰੀ ਤੇ ਲਾਡਲੀ ਹੈ। ਇਸ ਮੌਕੇ ਪਰਿਵਾਰ ਵੱਲੋਂ ਵਿਆਹ ਵਾਂਗ ਖੁਸ਼ੀ ਮਨਾਉਂਦਿਆਂ ਰੰਗਾ-ਰੰਗ ਪ੍ਰੋਗਰਾਮ ਕੀਤਾ ਗਿਆ ਸੀ ਤੇ ਧੀ ਦੀ ਲੋਹੜੀ ਲੈਣ ਵਾਲਿਆਂ ਨੂੰ ਖੁਸ਼ੀ ਨਾਲ ਜੀ ਆਇਆਂ ਆਖਿਆ ਜਾ ਰਿਹਾ ਸੀ। ਹਮਛਾਇਆ ਦੀ ਪੜਦਾਦੀ ਕਸ਼ਮੀਰ ਕੌਰ, ਪੜਦਾਦਾ ਚੰਨਣ ਸਿੰਘ, ਦਾਦੀ ਅਮਰਜੀਤ ਕੌਰ, ਦਾਦਾ ਸਵਿੰਦਰ ਸਿੰਘ ਜਿਥੇ ਖੁਸ਼ੀਆਂ 'ਚ ਨੱਚ ਗਾ ਤੇ ਭੰਗੜਾ ਪਾ ਰਹੇ ਸਨ ਉਥੇ ਹੀ ਗੁਰਸਾਹਬ ਸਿੰਘ, ਰੇਸ਼ਮ ਸਿੰਘ, ਰਾਜਵਿੰਦਰ ਕੌਰ ਆਦਿ ਸਮੇਤ ਪੂਰੇ ਵਿਹੜੇ ਦੇ ਲੋਕਾਂ ਵੱਲੋਂ ਲੜਕੀ ਹਮਛਾਇਆ ਦੀ ਲੋਹੜੀ ਵੰਡਣ ਦੀ ਖੁਸ਼ੀ ਮਨਾਈ ਜਾ ਰਹੀ ਸੀ।

ਇਸੇ ਤਰ੍ਹਾਂ ਪਿੰਡ ਲਾਲੂਘੁੰਮਣ ਵਾਸੀ ਪ੍ਰੀਤਮ ਸਿੰਘ ਸਕਰੈਪ ਸਟੋਰ ਵਾਲਿਆਂ ਨੇ ਆਪਣੀ ਇਕਲੌਤੀ 10 ਮਹੀਨਿਆਂ ਦੀ ਧੀ ਜੈਸਮੀਨ ਕੌਰ ਦੀ ਲੋਹੜੀ ਪੂਰੇ ਚਾਵਾਂ ਨਾਲ ਵੰਡੀ ਗਈ। ਜੈਸਮੀਨ ਦੀ ਲੋਹੜੀ ਵੰਡਦਿਆਂ ਰੰਗਾਂ-ਰੰਗ ਪ੍ਰੋਗਰਾਮ ਦਾ ਅਜੋਯਨ ਕੀਤਾ ਗਿਆ ਤੇ ਗੀਤ ਸੰਗੀਤ ਦੀ ਤਾਲ 'ਤੇ ਗਿੱਧਾ, ਭੰਗੜਾ ਪਾ ਕੇ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਪਰਿਵਾਰ ਦੇ ਮੁੱਖੀ ਨੱਥਾ ਸਿੰਘ ਸੋਹਲ ਤੇ ਹਰਭਜਨ ਕੌਰ ਸੋਹਲ ਨੇ ਕਿਹਾ ਕਿ ਧੀਆਂ ਪੁੱਤਾਂ ਨਾਲੋਂ ਕਿਸੇ ਵੀ ਖੇਤਰ ਚੋਂ ਘੱਟ ਨਹੀਂ ਹਨ ਤੇ 'ਜੇਕਰ ਪੁੱਤ ਮਿੱਠੜੇ ਮੇਵੇ ਹਨ ਤਾਂ ਧੀਆਂ ਵੀ ਮਿਸ਼ਰੀ ਡੱਲੀਆਂ' ਹੁੰਦੀਆਂ ਹਨ। ਕੁਲਵਿੰਦਰ ਕੌਰ 'ਬੇਬੀ' ਅਤੇ ਕੰਵਲਜੀਤ ਕੌਰ 'ਕੰਵਲ' ਨੇ ਕਿਹਾ ਕਿ ਧੀਆਂ ਨੂੰ ਸਮਾਜ ਅੰਦਰ ਪੁੱਤਾਂ ਦੇ ਬਰਾਬਰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਤੇ ਲੜਕੀ, ਲੜਕੇ ਦੇ ਭੇਦਭਾਵ ਨੂੰ ਦਿਲਾਂ 'ਚੋਂ ਕੱਢ ਕੇ ਧੀਆਂ ਦੇ ਜਨਮ ਦਿਨ, ਲੋਹੜੀਆਂ ਤੇ ਹੋਰ ਖੁਸ਼ੀਆਂ ਦੇ ਤਿਉਹਾਰ ਮਨਾਉਂਣੇ ਚਾਹੀਦੇ ਹਨ। ਇਸ ਮੌਕੇ ਜੋਬਨਜੀਤ ਸਿੰਘ ਲਾਲੂਘੁੰਮਣ, ਜਸ਼ਨਪ੍ਰੀਤ ਲਾਲੂਘੁੰਮਣ ਆਦਿ ਹਾਜ਼ਰ ਸਨ।