ਪੰਜਾਬ ''ਚ ''ਲੋਹੜੀ'' ਦੀਆਂ ਰੌਣਕਾਂ, ਜਾਣੋ ਕੀ ਹੈ ਇਤਿਹਾਸ

01/13/2019 8:08:40 AM

ਚੰਡੀਗੜ੍ਹ : ਪੰਜਾਬ ਸਮੇਤ ਪੂਰੇ ਦੇਸ਼ ਤੇ ਦੁਨੀਆਾਂ 'ਚ ਐਤਵਾਰ ਨੂੰ ਲੋਹੜੀ ਦਾ ਤਿਉਹਾਰ ਬਣੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਰ ਪਾਸੇ ਲੋਹੜੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਅਤੇ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਜਿਨ੍ਹਾਂ ਦੇ ਘਰ ਮੁੰਡੇ-ਕੁੜੀਆਂ ਜੰਮੇ ਹੁੰਦੇ ਹਨ ਜਾਂ ਘਰ 'ਚ ਨਵਾਂ ਵਿਆਹ ਹੋਇਆ ਹੁੰਦਾ ਹੈ, ਉਨ੍ਹਾਂ ਘਰਾਂ 'ਚ ਲੋਹੜੀ ਦਾ ਤਿਉਹਾਰ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ। 
ਲੋਹੜੀ ਦਾ ਇਤਿਹਾਸ
ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ 'ਲੋਈ' ਦੇ ਨਾਂ ਨਾਲ ਵੀ ਜੋੜਦੇ ਹਨ ਕਿ 'ਲੋਈ' ਦੇ ਨਾਂ ਤੋਂ ਹੀ 'ਲੋਹੜੀ' ਦਾ ਨਾਂ ਪਿਆ ਹੈ। ਕੁਝ ਲੋਕ ਲੋਹੜੀ ਸ਼ਬਦ 'ਲੋਹ' ਸ਼ਬਦ ਤੋਂ ਪਿਆ ਦੱਸਦੇ ਹਨ, ਜਿਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਤੇ ਰਿਓੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ 'ਤਿਲੋਹੜੀ' ਸੀ ਪਰ ਬਾਅਦ 'ਚ 'ਲੋਹੜੀ' ਮਸ਼ਹੂਰ ਹੋ ਗਿਆ। 
ਦੁੱਲੇ ਭੱਟੀ ਦੀ ਮਸ਼ਹੂਰ ਕਹਾਣੀ
ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ 'ਦੁੱਲਾ ਭੱਟੀ' ਨਾਂ ਦੇ ਕਿਰਦਾਰ ਨਾਲ ਜੋੜਿਆ ਜਾਂਦਾ ਹੈ, ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗਰੀਬਾਂ 'ਚ ਵੰਡ ਦਿੰਦਾ ਸੀ। ਇਕ ਵਾਰ ਉਸ ਨੇ ਅਗਵਾਕਾਰਾਂ ਦੇ ਚੁੰਗਲ 'ਚੋਂ ਇਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ। ਇਕ ਹੋਰ ਲਿਖਤ ਮੁਤਾਬਕ ਕਿਸੇ ਗਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਖੂਬਸੂਰਤ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀਂ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਵੇਂ ਭੈਣਾਂ 'ਤੇ ਮੈਲੀ ਅੱਖ ਰੱਖਣ ਲੱਗ ਪਿਆ। ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਾਉਣ ਦਾ ਵਚਨ ਦਿੱਤਾ। ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡ 'ਚੋਂ ਦਾਨ ਦੇ ਰੂਪ 'ਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ 'ਤੇ ਇਕੱਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਇੰਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ 'ਚ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।

Babita

This news is Content Editor Babita