ਲਾਡੋਵਾਲ ਟੋਲ ਪਲਾਜ਼ਾ 'ਤੇ ਅੱਜ ਤੋਂ ਬੰਦ ਹੋਵੇਗੀ ਫੀਸ ਵਸੂਲੀ

04/19/2018 4:30:34 AM

ਫਿਲੌਰ, (ਭਾਖੜੀ)- ਕਪੂਰਥਲਾ ਅਦਾਲਤ ਵੱਲੋਂ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਹੁਕਮਾਂ ਦੇ ਬਾਅਦ ਲਾਡੋਵਾਲ ਟੋਲ ਪਲਾਜ਼ਾ ਨੂੰ ਠੇਕੇ 'ਤੇ ਲੈਣ ਵਾਲੀ ਕੰਪਨੀ ਸੋਮਾ ਆਈਸੋਲੈਕਸ ਦੇ ਅਧਿਕਾਰੀਆਂ ਵਿਚ ਹਫ਼ੜਾ-ਦਫੜੀ ਮਚ ਗਈ। 
ਕੰਪਨੀ ਅਧਿਕਾਰੀਆਂ ਨੇ ਦਿੱਲੀ ਵਿਚ ਮੀਟਿੰਗ ਕਰ ਕੇ 19 ਅਪ੍ਰੈਲ ਤੋਂ ਫੀਸ ਵਸੂਲੀ ਬੰਦ ਕਰਨ ਦੇ ਲਾਡੋਵਾਲ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ 24 ਅਪ੍ਰੈਲ ਨੂੰ ਅਦਾਲਤ ਵਿਚ ਜਵਾਬ ਦੇਣ ਦੀ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬੁੱਧਵਾਰ ਨੂੰ ਵਾਹਨ ਚਾਲਕਾਂ ਤੋਂ ਟੋਲ ਵਸੂਲੀ ਕੀਤੀ ਗਈ।
ਹਰ ਰੋਜ਼ ਹੋਵੇਗਾ ਕੰਪਨੀ ਨੂੰ 50 ਲੱਖ ਦਾ ਨੁਕਸਾਨ
ਇਕ ਅਨੁਮਾਨ ਅਨੁਸਾਰ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਤੋਂ ਕੰਪਨੀ ਨੂੰ ਇਕ ਦਿਨ ਦੀ ਆਮਦਨ 50 ਲੱਖ ਦੇ ਕਰੀਬ ਬਣਦੀ ਹੈ, ਜਿਸ ਦਾ 25 ਫੀਸਦੀ ਹਿੱਸਾ ਕੰਪਨੀ ਨਿਯਮਾਂ ਮੁਤਾਬਕ ਸਰਕਾਰ ਨੂੰ ਅਦਾ ਕਰਦੀ ਹੈ। 
ਅਦਾਲਤੀ ਹੁਕਮਾਂ ਤੱਕ ਜਦੋਂ ਤੱਕ ਟੋਲ ਵਸੂਲੀ ਬੰਦ ਰਹੇਗੀ ਕੰਪਨੀ ਨੂੰ ਰੋਜ਼ਾਨਾ 50 ਲੱਖ ਦਾ ਨੁਕਸਾਨ ਝੱਲਣਾ ਪਵੇਗਾ।
50 ਤੋਂ ਵੱਧ ਉਦਯੋਗਿਕ ਸਥਾਨਾਂ 'ਤੇ ਚੱਲ ਸਕਦੈ ਬੁਲਡੋਜ਼ਰ
ਇਸ ਸਬੰਧ ਵਿਚ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਮਾਰਚ ਦੇ ਮਹੀਨੇ ਉਨ੍ਹਾਂ ਨੇ ਹਵੇਲੀ ਅਤੇ ਲਵਲੀ ਦੇ ਬਾਹਰ ਬਣੇ ਨਾਜਾਇਜ਼ ਨਿਰਮਾਣਾਂ 'ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਤੋੜ ਦਿੱਤਾ ਸੀ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਕਤ ਲੋਕਾਂ ਨੇ ਆਪਣੇ ਰਸੂਖ ਕਾਰਨ ਉਥੇ ਦੋਬਾਰਾ ਨਿਰਮਾਣ ਕਰ ਕੇ ਫਿਰ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਹਾਈਵੇ ਦੀ ਜ਼ਮੀਨ 'ਤੇ ਜੋ ਨਾਜਾਇਜ਼ ਨਿਰਮਾਣ ਹੋਏ ਹਨ, ਉਨ੍ਹਾਂ ਵਿਚ ਬਰਗਰ, ਕਿੰਗ, ਓਰੀਐਂਟਲ ਮੋਟਰਜ਼, ਇੰਡੀਅਨ ਆਇਲ, ਲੀਓ ਐੱਚ. ਪੀ. ਹਾਈਵੇ ਸਰਵਿਸ, ਗ੍ਰਾਂਡ ਕਿੰਗ ਰਿਜ਼ੋਰਟਸ ਰੋਇਲ ਕਿੰਗ ਰਿਜ਼ੋਰਟਸ, ਗੋਇਲ ਸ਼ੋਅਰੂਮ ਹਵੇਲੀ, ਲੱਕੀ ਡਾਬਾ, ਦੀਪਾ ਨਿਸ਼ਾਨ ਮੋਟਰਜ਼, ਸਵਰਨ ਫਿਲਿੰਗ ਸਟੇਸ਼ਨ, ਦਾਸ ਬੈਲਟ ਆਟੋ, ਰਾਧੇ-ਰਾਧੇ, ਮੰਦਾਕਨੀ ਫਾਰਮ, ਅਗਰਵਾਲ ਫਿਲਿੰਗ ਸਟੇਸ਼ਨ, ਨੰਦਨੀ ਰਿਜ਼ੋਰਟ, ਕਰਨਵੀਰ ਫਿਲਿੰਗ ਸਟੇਸ਼ਨ, ਬਾਏ ਕਾਸਟਲ, ਲਿਲੀ ਰਿਜ਼ੋਰਟ, ਬਿੱਗ ਬਾਜ਼ਾਰ ਮਾਲ, ਸਿਮਰੋਜ਼ ਰਿਜ਼ੋਰਟ, ਅਮਰ ਹਾਈਵੇ ਪੈਟਰੋਲ, ਇੰਡੀਅਨ ਆਇਲ, ਸੋਲਟੇਅਰ ਬੈਕੇਂਟ ਹਾਲ, ਮੋਦੀ ਰਿਜ਼ੋਰਟ, ਇੰਦਰਾ ਫਿਲਿੰਗ ਸਟੇਸ਼ਨ ਇੰਡੀਆ ਆਇਲ, ਬੋਪਾਰਾਏ ਫਿਲਿੰਗ ਸਟੇਸ਼ਨ, ਜੇ. ਕੇ. ਰਿਜ਼ੋਰਟ, ਕਰਤਾਰ ਐੱਚ. ਪੀ. ਪੈਟਰੋਲ ਪਲਾਜ਼ਾ, ਜੀਵਨ ਫਿਲਿੰਗ ਸਟੇਸ਼ਨ, ਇੰਡੀਅਨ ਆਇਲ, ਜਲੰਧਰ ਪੈਟਰੋਲ ਸਰਵਿਸ ਸਟੇਸ਼ਨ, ਧਰਮ ਫਿਲਿੰਗ ਸਟੇਸ਼ਨ, ਬੀ. ਪੀ., ਮਨਪ੍ਰੀਤ ਪੈਟਰੋ ਪਲਾਜ਼ਾ, ਗਰੋਵਰ ਓਵਰਸੀਜ਼ ਹਨ, ਜਿਨ੍ਹਾਂ 'ਤੇ ਆਉਣ ਵਾਲੇ ਦਿਨਾਂ ਵਿਚ ਹਾਈਵੇ ਅਥਾਰਟੀ ਸਖ਼ਤ ਕਾਰਵਾਈ ਕਰ ਕੇ ਬਲਡੋਜ਼ਰ ਚਲਵਾ ਸਕਦੀ ਹੈ।
ਅਦਾਲਤੀ ਹੁਕਮਾਂ ਨੂੰ ਦਰਕਿਨਾਰ ਕਰ ਕੇ ਟੋਲ ਪਲਾਜ਼ਾ 'ਤੇ ਵਸੂਲੀ ਜਾਂਦੀ ਰਹੀ ਫੀਸ 
ਲੁਧਿਆਣਾ,  (ਅਨਿਲ, ਰਵੀ)-ਲੋਕ ਅਦਾਲਤ ਕਪੂਰਥਲਾ ਦੀ ਚੇਅਰਮੈਨ ਮੰਜੂ ਰਾਣਾ ਨੇ ਇਕ ਕੇਸ ਦੀ ਸੁਣਵਾਈ ਕਰਦੇ ਹੋਏ ਜਲੰਧਰ-ਲੁਧਿਆਣਾ ਜਰਨੈਲੀ ਸੜਕ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਟੋਲ ਫੀਸ ਵਸੂਲੀ ਮੰਗਲਵਾਰ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਪਰ ਅਦਾਲਤ ਦੇ ਹੁਕਮਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਟੋਲ ਪਲਾਜ਼ਾ 'ਤੇ ਵਾਹਨਾਂ ਤੋਂ ਫੀਸ ਵਸੂਲੀ ਜਾ ਰਹੀ ਹੈ। ਅੱਜ ਲਾਡੋਵਾਲ ਟੋਲ ਪਲਾਜ਼ਾ 'ਤੇ ਵਾਹਨ ਚਾਲਕਾਂ ਵੱਲੋਂ ਟੋਲ ਫੀਸ ਦੇਣ ਦਾ ਵਿਰੋਧ ਕੀਤਾ ਗਿਆ।  ਇਸੇ ਦੌਰਾਨ ਕਈ ਵਾਹਨ ਚਾਲਕ ਇਕੱਤਰ ਹੋ ਗਏ। ਹੌਲੀ-ਹੌਲੀ ਲੋਕਾਂ ਦੀ ਭੀੜ ਲੱਗ ਗਈ। ਮੌਕੇ 'ਤੇ ਜਲੰਧਰ ਨਿਵਾਸੀ ਪਵਿੰਦਰ ਸਿੰਘ, ਫਿਲੌਰ ਨਿਵਾਸੀ ਜਸਪ੍ਰੀਤ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕਈ ਅਖ਼ਬਾਰਾਂ 'ਚ ਟੋਲ ਪਲਾਜ਼ਾ 'ਤੇ ਫੀਸ ਨਾ ਵਸੂਲਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ ਪਰ ਫਿਰ ਵੀ ਟੋਲ ਪਲਾਜ਼ਾ ਵਾਲੇ ਵਾਹਨ ਚਾਲਕਾਂ ਤੋਂ ਧੱਕੇ ਨਾਲ ਟੋਲ ਫੀਸ ਵਸੂਲ ਰਹੇ ਹਨ, ਜੋ ਕਿ ਸ਼ਰੇਆਮ ਗੁੰਡਾਗਰਦੀ ਹੈ। ਉਕਤ ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਟੋਲ ਦੇਣ ਤੋਂ ਇਨਕਾਰ ਕੀਤਾ ਤਾਂ ਟੋਲ ਅਧਿਕਾਰੀ ਅਦਾਲਤ ਦੇ ਫੈਸਲੇ 'ਤੇ ਸਟੇਅ ਦਾ ਦਾਅਵਾ ਕਰਨ ਲੱਗੇ। ਜਦੋਂ ਆਰਡਰ ਦੀ ਕਾਪੀ ਦਿਖਾਉਣ ਨੂੰ ਕਿਹਾ ਗਿਆ ਤਾਂ ਟੋਲ ਪਲਾਜ਼ਾ ਅਧਿਕਾਰੀ ਅਸਮਰਥ ਦਿਖਾਈ ਦਿੱਤੇ। ਇਸ ਤੋਂ ਬਾਅਦ ਟੋਲ ਲਾਈਨ ਬੰਦ ਹੋਣ 'ਤੇ ਥਾਣਾ ਲਾਡੋਵਾਲ ਦੀ ਪੁਲਸ ਪੁੱਜੀ, ਜਿਸ ਨੇ ਵਾਹਨ ਚਾਲਕਾਂ ਨੂੰ ਕਿਹਾ ਕਿ ਅਦਾਲਤ ਦੇ ਫੈਸਲੇ ਸਬੰਧੀ 24 ਅਪ੍ਰੈਲ ਤੱਕ ਦਾ ਸਮਾਂ ਮਿਲਿਆ ਹੋਇਆ ਹੈ।
ਵਿਧਾਇਕ ਬੈਂਸ ਦੇ ਜਾਂਦੇ ਹੀ ਫਿਰ ਵਸੂਲਿਆ ਜਾਣ ਲੱਗਾ ਟੋਲ
ਟੋਲ ਪਲਾਜ਼ਾ 'ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਟੋਲ 'ਤੇ ਆਉਣ-ਜਾਣ ਵਾਲੇ ਸਾਰੇ ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਉੱਥੋਂ ਕਢਵਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਦੇ ਕਾਫਲੇ ਦੇ ਉੱਥੋਂ ਜਾਣ ਤੋਂ 5 ਮਿੰਟ ਬਾਅਦ ਹੀ ਵਾਹਨ ਚਾਲਕਾਂ ਤੋਂ ਫਿਰ ਟੋਲ ਫੀਸ ਵਸੂਲੀ ਜਾਣ ਲੱਗੀ।
ਅਦਾਲਤੀ ਹੁਕਮਾਂ ਨੂੰ ਵੀ ਜਾਣਦੇ ਨੇ ਟਿੱਚ, ਕਰਾਂਗੇ ਰਿੱਟ ਦਾਇਰ : ਬੈਂਸ
ਲੁਧਿਆਣਾ, (ਪਾਲੀ)-ਅਦਾਲਤੀ ਹੁਕਮਾਂ ਦੇ ਬਾਵਜੂਦ ਲਾਡੋਵਾਲ ਟੋਲ ਪਲਾਜ਼ਾ 'ਤੇ ਲੋਕਾਂ ਤੋਂ ਟੋਲ ਵਸੂਲੇ ਜਾਣ ਦਾ ਪਤਾ ਲਗਦੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਹਮਾਇਤੀਆਂ ਸਮੇਤ ਪੁੱਜੇ ਅਤੇ ਸਭ ਤੋਂ ਪਹਿਲਾਂ ਟੋਲ ਅਧਿਕਾਰੀਆਂ ਤੋਂ ਫੀਸ ਵਸੂਲਣ ਦਾ ਕਾਰਨ ਪੁੱਛਿਆ, ਜਿਸ 'ਤੇ ਟੋਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਦਾਲਤ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ ਹੋਣ ਸਬੰਧੀ ਕਾਪੀ ਦਿਖਾਈ ਪਰ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਵਾਹਨਾਂ ਨੂੰ ਬਿਨਾਂ ਪਰਚੀ ਕਟਵਾਏ ਪਲਾਜ਼ਾ ਤੋਂ ਕੱਢਿਆ। ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੋਲ ਪਲਾਜ਼ਾ ਦੇ ਅਧਿਕਾਰੀ ਅੱਜ ਇੰਨੇ ਵੱਡੇ ਹੋ ਗਏ ਹਨ ਕਿ ਅਦਾਲਤ ਦੇ ਹੁਕਮਾਂ ਨੂੰ ਵੀ ਨਹੀਂ ਮੰਨ ਰਹੇ। ਉਨ੍ਹਾਂ ਕਿਹਾ ਕਿ ਟੋਲ ਬੈਰੀਅਰ ਇਕ ਮਾਫੀਆ ਬਣ ਚੁੱਕਾ ਹੈ, ਜਿਸ 'ਤੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀਆਂ ਦਾ ਹੱਥ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਟੋਲ ਪਲਾਜ਼ਾ 'ਤੇ 3 ਮਿੰਟ ਤੋਂ ਜ਼ਿਆਦਾ ਸਮਾਂ ਲੱਗਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਸਵੇਰੇ ਉਹ ਲੁਧਿਆਣਾ ਦੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਹੋਰਨਾਂ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਵੀ ਗੱਲ ਲਿਆ ਕੇ ਪੁਲਸ ਨੂੰ ਨਾਲ ਲੈ ਕੇ ਟੋਲ ਪਲਾਜ਼ਾ 'ਤੇ ਨਾਜਾਇਜ਼ ਕੀਤੀ ਜਾ ਰਹੀ ਉਗਰਾਹੀ ਨੂੰ ਬੰਦ ਕਰਵਾਉਣਗੇ ਅਤੇ ਵੀਰਵਾਰ ਤੋਂ ਲੋਕ ਇਨਸਾਫ ਪਾਰਟੀ ਦੇ ਸਮੂਹ ਵਾਲੰਟੀਅਰਾਂ ਦੀ ਵੀ ਟੋਲ ਪਲਾਜ਼ਾ 'ਤੇ ਡਿਊਟੀ ਲਾਉਣਗੇ ਜੋ ਲੋਕਾਂ ਨੂੰ ਜਾਗਰੂਕ ਕਰਨਗੇ ਉੱਥੇ ਦੂਜੇ ਪਾਸੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਕੋਲ ਖੁਦ ਖੜ੍ਹੇ ਰਹਿਣਗੇ ਤਾਂ ਜੋ ਪ੍ਰਬੰਧਕ ਲੋਕਾਂ ਕੋਲੋਂ ਨਾਜਾਇਜ਼ ਵਸੂਲੀ ਨਾ ਕਰ ਸਕਣ।