ਭੂਤਾਂ ਦਾ ਡਰ ਦਿਖਾ ਪੁੱਛਾਂ ਦੇਣ ਵਾਲੇ ਬਾਬੇ ਖ਼ਿਲਾਫ਼ ਸਤਿਕਾਰ ਕਮੇਟੀ ਨੇ ਕੀਤੀ ਕਾਰਵਾਈ

06/30/2020 11:28:43 AM

ਲੋਹੀਆਂ ਖਾਸ (ਰਾਜਪੂਤ) : ਲਾਕਡਾਊਨ ਦੌਰਾਨ ਬਿਸ਼ਨਪੁਰ ਅਰਾਈਆਂ 'ਚੋਂ ਜੋਗਿੰਦਰ ਸਿੰਘ ਆਪਣੇ ਘਰ ਨੁਮਾ ਖੂਹ 'ਤੇ ਬਣਾਏ ਡੇਰੇ 'ਚੋਂ ਵੱਖ-ਵੱਖ ਗੁਰੂਆਂ-ਪੀਰਾਂ ਦੀਆਂ ਫੋਟੋਆਂ ਲਗਾ ਕੇ ਭੋਰੇ 'ਚੋਂ ਗੁਟਕਾ ਸਾਹਿਬ ਦਾ ਅਸ਼ੁੱਧ ਪਾਠ ਕਰਦਾ ਸੀ ਅਤੇ ਸੰਗਤ ਉੱਪਰਲੀ ਮੰਜ਼ਿਲ 'ਤੇ ਬੈਠਦੀ ਹੋਣ ਕਰ ਕੇ ਬੇਅਦਬੀ ਹੁੰਦੀ ਸੀ। ਭੂਤਾਂ-ਪ੍ਰੇਤਾਂ ਦਾ ਵਾਸਾ ਹੋਣ ਦਾ ਭਰਮ ਪੈਦਾ ਕਰ ਕੇ ਧੀਆਂ-ਭੈਣਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਸੀ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸੇ ਨੇ ਕਹੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੈਫ਼ਲਾਬਾਦ ਦੀ ਧੀ ਦਾ ਵਿਆਹ 18 ਦਸੰਬਰ 2019 ਨੂੰ ਹੋਣ ਉਪਰੰਤ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਉਕਤ ਬਾਬੇ ਦੀ ਜਗ੍ਹਾ 'ਤੇ ਲਿਜਾਣਾ ਸ਼ੁਰੂ ਕਰ ਦਿੱਤਾ। 6 ਮਹੀਨਿਆਂ 'ਚ ਲੜਕੀ ਦਾ ਘਰ ਉੱਜੜਨ ਦੀ ਕਗਾਰ 'ਤੇ ਚੱਲੇ ਗਿਆ ਹੋਣ ਕਰ ਕੇ ਲੜਕੀ ਦੇ ਪਿਤਾ ਨੇ ਸਤਿਕਾਰ ਕਮੇਟੀ ਨੂੰ ਉਸ ਦੀਆਂ ਸਰੀਰਕ ਰਿਪੋਰਟਾਂ ਦਿਖਾਉਂਦਿਆਂ ਕਿਹਾ ਕਿ ਲੜਕੀ ਦੇ ਸਰੀਰ ਵਿਚ ਪੱਥਰੀ ਹੈ, ਜਿਸ ਕਾਰਨ ਉਸ ਨੂੰ ਤਕਲੀਫਾਂ ਉੱਠਦੀਆਂ ਹੋਣਗੀਆਂ ਪਰ ਸਹੁਰਾ ਪਰਿਵਾਰ ਉਸ ਨੂੰ ਉਕਤ ਬਾਬੇ ਦੀ ਜਗ੍ਹਾ 'ਤੇ ਲਿਜਾਂਦਾ ਹੋਣ ਕਰ ਕੇ ਬਾਬਾ ਲੜਕੀ ਵਿਚ ਭੂਤ ਪ੍ਰੇਤਾਂ ਦਾ ਵਾਸਾ ਹੋਣ ਦੀ ਗੱਲ ਕਹਿ ਰਿਹਾ ਹੈ। 

ਇਸ ਦੌਰਾਨ ਜਦੋਂ ਸਤਿਕਾਰ ਕਮੇਟੀ ਦੇ ਮੈਂਬਰ ਬਾਬੇ ਦੇ ਡੇਰੇ 'ਤੇ ਪੁਲਸ ਪਾਰਟੀ ਸਮੇਤ ਗਏ ਤਾਂ ਸਭ ਹਕੀਕਤ ਸਾਹਮਣੇ ਆ ਗਈ ਤੇ ਮੌਕੇ 'ਤੇ ਹੀ ਸਤਿਕਾਰ ਕਮੇਟੀ ਵੱਲੋਂ ਡੇਰੇ ਵਿਚ ਲੱਗੇ ਨਿਸ਼ਾਨ ਸਾਹਿਬ ਨੂੰ ਰਹਿਤ ਮੁਰਿਆਦਾ ਅਨੁਸਾਰ ਉਤਾਰਿਆ ਗਿਆ। ਜੋਗਿੰਦਰ ਸਿੰਘ ਦੇ ਬਜ਼ੁਰਗ ਹੋਣ ਕਰ ਕੇ ਖਾਲਸਾਹੀ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਸ ਨੂੰ ਉਕਤ ਬਾਬੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ ਗਈ। ਭਾਈ ਖੋਸੇ ਨੇ ਕਿਹਾ ਕਿ ਜੇ ਪੁਲਸ ਨੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਕਤ ਬਾਬੇ ਖ਼ਿਲਾਫ਼ ਸਿੱਖੀ ਰਹਿਤ ਮਰਿਆਦਾ ਅਨੁਸਾਰ ਸਿੱਖ ਜੱਥੇਬੰਦੀਆਂ ਆਪਣੇ ਤੌਰ 'ਤੇ ਕਾਰਵਾਈ ਅਮਲ ਵਿਚ ਲਿਆਉਣਗੀਆਂ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

Gurminder Singh

This news is Content Editor Gurminder Singh