2 ਮਰਲੇ ਦਾ ਮਕਾਨ, ਅੱਧਾ ਕਿੱਲੋਵਾਟ ਮੀਟਰ ਦਾ ਲੋਡ ਅਤੇ ਬਿੱਲ ਦਿੱਤਾ 17 ਹਜ਼ਾਰ ਰੁਪਏ ਦਾ

07/14/2023 2:16:15 PM

ਗੁਰਾਇਆ (ਮੁਨੀਸ਼) : ਪੰਜਾਬ ਸਰਕਾਰ ਨੇ 600 ਯੂਨਿਟ ਤੱਕ ਦੇ ਬਿਜਲੀ ਬਿੱਲ ਮੁਆਫ਼ ਕੀਤੇ ਹਨ ਪਰ ਇਕ ਪਰਿਵਾਰ, ਜਿਸ ’ਚ ਸਿਰਫ਼ 2 ਮੈਂਬਰ ਹਨ, ਜਿਨ੍ਹਾਂ ’ਚ ਮਾਂ-ਧੀ ਹਨ, ਜੋ ਸਿਰਫ਼ 2 ਕਮਰਿਆਂ ਵਾਲੇ 2 ਮਰਲੇ ਦੇ ਘਰ ’ਚ ਰਹਿੰਦੀਆਂ ਹਨ, ਜਿਸ ’ਚ ਬਿਜਲੀ ਦਾ ਮੀਟਰ ਦਾ ਲੋਡ ਸਿਰਫ ਅੱਧਾ ਕਿਲੋਵਾਟ ਹੈ, ਉਸ ਪਰਿਵਾਰ ਨੂੰ ਬਿੱਲ ਆਇਆ 17 ਹਜ਼ਾਰ ਰੁਪਏ ਅਤੇ ਹੁਣ ਜਦੋਂ ਔਰਤ ਆਪਣੀ ਸ਼ਿਕਾਇਤ ਲੈ ਕੇ ਵਿਭਾਗ ਦੇ ਅਧਿਕਾਰੀ ਕੋਲ ਗਈ ਤਾਂ ਔਰਤ ਨੇ ਅਧਿਕਾਰੀਆਂ ’ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਹਨ, ਜਦਕਿ ਅਧਿਕਾਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਸਬੰਧੀ ਪਿੰਡ ਸ਼ਾਹ ਸਲੇਮਪੁਰ (ਮਹਿਤਪੁਰ) ਦੀ ਰਹਿਣ ਵਾਲੀ ਅਰਾਧਨਾ ਮਾਨ ਨੇ ਦੱਸਿਆ ਕਿ ਉਹ 2 ਮਰਲੇ ਦੇ 2 ਕਮਰਿਆਂ ਵਾਲੇ ਮਕਾਨ ’ਚ ਰਹਿੰਦੀ ਹੈ। ਮਕਾਨ ਦੀ ਹਾਲਤ ਵੀ ਬਹੁਤ ਖ਼ਰਾਬ ਹੈ। ਉਹ ਖੁਦ ਦਿਹਾੜੀ ਕਰਦੀ ਹੈ, ਜਿਸ ਨਾਲ ਆਪਣਾ ਤੇ ਆਪਣੀ ਧੀ ਦਾ ਗੁਜ਼ਾਰਾ ਕਰਦੀ ਹੈ। ਸਰਕਾਰ ਵੱਲੋਂ 600 ਯੂਨਿਟ ਬਿਜ਼ਲੀ ਦੇ ਮੁਫ਼ਤ ਕੀਤੇ ਹਨ ਪਰ ਉਨ੍ਹਾਂ ਨੂੰ 17 ਹਜ਼ਾਰ ਦਾ ਬਿੱਲ ਮੀਟਰ ਰੀਡਰ ਫੜਾ ਗਿਆ। ਇਸ ਤੋਂ ਪਹਿਲਾਂ ਵੀ ਉਸ ਨੂੰ ਇਕ ਵਾਰ 1300 ਤੇ 1000 ਦਾ ਬਿੱਲ ਦਿੱਤਾ ਗਿਆ ਸੀ, ਜਿਸ ਦਾ ਬਿੱਲ ਉਸ ਨੇ ਦਿੱਤਾ ਹੈ ਜਦਕਿ ਸਰਕਾਰ ਨੇ 600 ਯੂਨਿਟ ਮੁਆਫ਼ ਕਰ ਦਿੱਤੇ ਹਨ।

ਮਾਨ ਨੇ ਦੱਸਿਆ ਕਿ ਜਦੋਂ ਉਹ ਆਪਣੀ ਸ਼ਿਕਾਇਤ ਲੈ ਕੇ ਬਿਜਲੀ ਵਿਭਾਗ ਦੇ ਐੱਸ. ਡੀ. .ਓ ਪਰਮਿੰਦਰ ਸਿੰਘ ਕੋਲ ਬਿਜਲੀ ਦਫ਼ਤਰ ਗਈ ਅਤੇ ਬਿੱਲ ਦਿਖਾਇਆ ਤਾਂ ਉਸ ਨੇ ਉਸ ਦੀ ਸ਼ਿਕਾਇਤ ਲੈਣ ਤੋਂ ਇਨਕਾਰ ਕਰਦਿਆਂ ਉਸ ਦੀ ਸ਼ਿਕਾਇਤ ਨੂੰ ਦੂਰ ਸੁੱਟ ਦਿੱਤਾ ਤੇ ਉਸ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ : ‘ਮੇਰਾ ਸ਼ਹਿਰ ਮੈਂ ਬਚਾਉਣਾ’, ਪਟਿਆਲਵੀਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਜਰਨੈਲ ਵਾਂਗ ਡਟੇ ਡੀ. ਸੀ. ਸਾਕਸ਼ੀ ਸਾਹਨੀ

ਉਸ ਨੇ ਇਸ ਸਬੰਧੀ ਵਿਭਾਗ ਦੇ ਐੱਸ. ਡੀ. ਓ. ਨੂੰ ਸ਼ਿਕਾਇਤ ਕੀਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਨਾਲ ਹੀ ਇਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਵਿਭਾਗ ਦੇ ਐੱਸ. ਡੀ. ਓ. ਪਰਮਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਔਰਤ ਦਾ ਬਿੱਲ ਸਿਰਫ਼ 23 ਰੁਪਏ ਹੀ ਆਇਆ ਹੈ। ਮੀਟਰ ਰੀਡਰ ਦੀ ਗਲਤੀ ਕਾਰਨ ਉਸ ਨੇ ਗਲਤ ਬਿੱਲ ਕੱਢ ਕੇ ਉਸ ਨੂੰ ਦੇ ਦਿੱਤਾ, ਜਦੋਂ ਇਹ ਔਰਤ ਉਨ੍ਹਾਂ ਦੇ ਕੋਲ ਆਈ ਸੀ ਤਾਂ ਉਸ ਨੂੰ ਕੰਪਿਊਟਰ ’ਤੇ ਜਾ ਕੇ ਬਿੱਲ ਦਾ ਚੈੱਕ ਕਰਵਾ ਦਿੱਤਾ ਸੀ, ਜਿਸ ਦਾ 23 ਰੁਪਏ ਦਾ ਬਿੱਲ ਆਇਆ ਤਾਂ ਉਨ੍ਨੇ ਕਿਹਾ ਕਿ ਕਿਸੇ ਨਾਲ ਕੋਈ ਮਾੜੀ ਭਾਸ਼ਾ ਨਹੀਂ ਵਰਤੀ ਪਰ ਉਕਤ ਔਰਤ ਨੇ ਦਫ਼ਤਰ ਆ ਕੇ ਮਾੜੀ ਭਾਸ਼ਾ ਤੇ ਉੱਚੀ ਆਵਾਜ਼ ’ਚ ਗੱਲ ਕੀਤੀ, ਜਿਸ ਦੀ ਸ਼ਿਕਾਇਤ ਉਹ ਕਰਨ ਜਾਂ ਰਹੇ ਸਨ ਪਰ ਉਨ੍ਹਾਂ ਨੇ ਸ਼ਿਕਾਇਤ ਨਹੀਂ ਕੀਤੀ।

ਇਹ ਵੀ ਪੜ੍ਹੋ : ਪਟਿਆਲਵੀਆ ਨੂੰ 3 ਦਿਨਾਂ ਬਾਅਦ ਮਿਲੀ ਹੜ੍ਹ ਦੇ ਪਾਣੀ ਤੋਂ ਨਿਜਾਤ, ਕਰੋੜਾਂ ਦਾ ਨੁਕਸਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha