ਕੈਪਟਨ ਕੋਲ ਪੁੱਜੀ ਬਿਲਡਿੰਗ ਬਰਾਂਚ ਦੇ ਭ੍ਰਿਸ਼ਟ ਅਧਿਕਾਰੀਆਂ ਦੀ ਲਿਸਟ

06/24/2018 6:37:10 AM

ਲੁਧਿਆਣਾ(ਹਿਤੇਸ਼) — ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਨੂੰ ਲੈ ਕੇ ਕਾਂਗਰਸ ਵਿਧਾਇਕਾਂ ਤੇ ਮੰਤਰੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਖਿਲਾਫ ਨਵਾਂ ਪੈਂਤਰਾ ਵਰਤਿਆ ਹੈ, ਜਿਸ ਤਹਿਤ ਮੁੱਖ ਮੰਤਰੀ ਨੂੰ ਭ੍ਰਿਸ਼ਟ ਅਧਿਕਾਰੀਆਂ ਦੀ ਲਿਸਟ ਸੌਂਪ ਕੇ ਉਨ੍ਹਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। ਜਿਥੋਂ ਤੱਕ ਪੰਜਾਬ 'ਚ ਨਾਜਾਇਜ਼ ਬਣ ਰਹੀਆਂ ਬਿਲਡਿੰਗਾਂ ਦਾ ਸਵਾਲ ਹੈ। ਉਸ ਨੂੰ ਲੈ ਕੇ ਸਿੱਧੂ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਸਭ ਕੁਝ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਸਿੱਧੂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲਗਾਤਾਰ ਚਿਤਾਵਨੀ ਦੇ ਰਹੇ ਹਨ ਕਿ ਕੋਈ ਨਿਰਮਾਣ ਨਕਸ਼ਾ ਪਾਸ ਹੋਏ ਜਾਂ ਚਲਾਨ ਪਾਏ ਬਿਨਾਂ ਨਾ ਹੋਣ ਦਿੱਤਾ ਜਾਵੇ ਪਰ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ 'ਤੇ ਸਿੱਧੂ ਦੇ ਨਿਰਦੇਸ਼ਾਂ ਦਾ ਕੋਈ ਅਸਰ ਨਹੀਂ ਹੋਇਆ, ਜਿਸ ਨਾਲ ਸਰਕਾਰ ਦੇ ਰੈਵੇਨਿਊ ਦਾ ਕਾਫੀ ਨੁਕਸਾਨ ਹੋ ਰਿਹਾ ਹੈ।
ਇਸ ਮੁੱਦੇ 'ਤੇ ਸਿੱਧੂ ਨੇ ਪਿਛਲੇ ਦਿਨੀਂ ਜਲੰਧਰ 'ਚ ਚੈਕਿੰਗ ਕਰ ਕੇ ਨਾਜਾਇਜ਼ ਨਿਰਮਾਣਾਂ ਦੇ ਖਿਲਾਫ ਕਾਰਵਾਈ ਨਾ ਕਰਨ ਵਾਲੇ 8 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਪਰ ਬਿਲਡਿੰਗਾਂ 'ਤੇ ਕਾਰਵਾਈ ਦੀ ਵਾਰੀ ਆਉਣ 'ਤੇ ਕਾਂਗਰਸ ਵਿਧਾਇਕਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ।
ਇਸ ਮਾਮਲੇ 'ਚ ਸਿੱਧੂ ਨੇ ਜਲੰਧਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਸਾਫ ਕਿਹਾ ਸੀ ਕਿ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ ਕਿ ਸਰਕਾਰ ਦਾ ਪੈਸਾ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੀ ਜੇਬ ਵਿਚ ਜਾਂਦਾ ਰਹੇ, ਜਿਸ ਨੂੰ ਲੈ ਕੇ ਉਨ੍ਹਾਂ ਨੇ ਨਾਜਾਇਜ਼ ਨਿਰਮਾਣ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ ਪੁਲਸ ਕੇਸ ਦਰਜ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ, ਦੱਸਿਆ ਜਾਂਦਾ ਹੈ ਕਿ ਸਿੱਧੂ ਨੇ ਆਪਣੇ ਦਾਅਵੇ ਮੁਤਾਬਕ ਬਿਲਡਿੰਗ ਬਰਾਂਚ ਦੇ ਭ੍ਰਿਸ਼ਟ ਅਧਿਕਾਰੀਆਂ ਦੀ ਲਿਸਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ, ਜਿਨ੍ਹਾਂ ਖਿਲਾਫ ਵਿਜੀਲੈਂਸ ਜਾਂਚ ਦੀ ਸਿਫਾਰਿਸ਼ ਕਰਦੇ ਹੋਏ ਉਨ੍ਹਾਂ ਅਧਿਕਾਰੀਆਂ ਵਲੋਂ ਬਣਾਈ ਕਰੋੜਾਂ ਦੀ ਪ੍ਰਾਪਰਟੀ ਅਟੈਚ ਕਰਨ ਬਾਰੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਰਾਹੁਲ ਨਾਲ ਮੀਟਿੰਗ ਤੋਂ ਬਾਅਦ ਸਿੱਧੂ ਨੇ ਵਰਤੀ ਡਿਪਲੋਮੇਸੀ
ਜਲੰਧਰ 'ਚ ਨਾਜਾਇਜ਼ ਨਿਰਮਾਣ ਖਿਲਾਫ ਕਾਰਵਾਈ ਦਾ ਜਿਥੇ ਵਿਧਾਇਕ ਸੁਸ਼ੀਲ ਰਿੰਕੂ ਨੇ ਸਾਈਟ 'ਤੇ ਜਾ ਕੇ ਵਿਰੋਧ ਕੀਤਾ, ਉਥੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਓ. ਪੀ. ਸੋਨੀ, ਐੱਮ. ਪੀ. ਸੰਤੋਖ ਚੌਧਰੀ, ਜਲੰਧਰ ਦੇ ਬਾਕੀ ਵਿਧਾਇਕਾਂ ਨੇ ਇਹ ਕਹਿ ਕੇ ਇਤਰਾਜ਼ ਜਤਾਇਆ ਕਿ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾ ਵਨ ਟਾਈਮ ਸੈਟਲਮੈਂਟ ਪਾਲਿਸੀ ਲਾਗੂ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਪਰ ਸਿੱਧੂ ਸ਼ਾਂਤ ਨਹੀਂ ਹੋਏ ਤੇ ਆਪਣੇ ਪਾਰਟੀ ਦੇ ਲੋਕਾਂ ਖਿਲਾਫ ਮੀਡੀਆ ਦੇ ਸਾਹਮਣੇ ਭੜਾਸ ਕੱਢੀ, ਜਿਸ ਨਾਲ ਪਬਲਿਕ 'ਚ ਕਾਂਗਰਸ ਦੀ ਕਿਰਕਰੀ ਹੋਣ ਦਾ ਮਾਮਲਾ ਸਿੱਧਾ ਰਾਹੁਲ ਗਾਂਧੀ ਦੇ ਕੋਲ ਪਹੁੰਚ ਗਿਆ। ਜਿਥੇ ਸਿੱਧੂ ਨੂੰ ਬੁਲਾ ਕੇ ਲੋਕ ਸਭਾ ਚੋਣ 'ਚ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਕਦਮ ਨਾ ਚੁੱਕਣ ਦੀ ਹਿਦਾਇਤ ਦਿੱਤੀ ਗਈ ਹੈ। ਉਸ ਤੋਂ ਬਾਅਦ ਸਿੱਧੂ ਨੇ ਆਪਣਾ ਰਵੱਈਆ ਬਦਲ ਕੇ ਡਿਪਲੋਮੇਸੀ ਵਰਤ ਲਈ ਹੈ।
ਜਿਸ ਤਹਿਤ ਉਨ੍ਹਾਂ ਨੇ ਪਹਿਲਾ ਤਾਂ ਵਿਧਾਇਕਾਂ ਨੂੰ ਸ਼ਾਂਤ ਕਰਨ ਦੇ ਲਈ ਮੇਅਰਾਂ ਨੂੰ ਆਪਣੇ ਤੌਰ 'ਤੇ ਨਾਜਾਇਜ਼ ਨਿਰਮਾਣ ਖਿਲਾਫ ਐਕਸ਼ਨ ਲੈਣ ਲਈ ਫ੍ਰੀ ਹੈਂਡ ਦਿੱਤਾ ਤੇ ਫਿਰ ਵਨ ਟਾਈਮ ਸੈਟਲਮੈਂਟ ਪਾਲਿਸੀ ਨੂੰ ਰੀਵਿਊ ਕਰਨ ਦੇ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੀ ਬੈਠਕ 'ਚ ਮੰਤਰੀਆਂ ਦੀ ਲਗਭਗ ਸਾਰੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਦਿੱਤਾ। ਇਸ ਤੋਂ ਇਲਾਵਾ ਸਿੱਧੂ ਨੇ ਰੇਤ ਮਾਫੀਆ ਦਾ ਸਾਥ ਦੇ ਰਹੇ ਵਿਧਾਇਕਾਂ ਖਿਲਾਫ ਕੈਪਟਨ ਵਲੋਂ ਵਰਤੇ ਗਏ ਫਾਰਮੂਲੇ ਨੂੰ ਦੁਹਰਾਇਆ। ਜਿਸ ਤਹਿਤ ਸਿੱਧੂ ਨੇ ਮੁੱਦਾ ਚੁੱਕਿਆ ਕਿ ਨਾਜਾਇਜ਼ ਨਿਰਮਾਣ ਦੀ ਵਜ੍ਹਾ ਨਾਲ ਰੈਵੇਨਿਊ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਨਗਰ ਨਿਗਮ ਦੇ ਅਫਸਰ ਅਮੀਰ ਹੋ ਰਹੇ ਹਨ, ਜਿਨ੍ਹਾਂ ਖਿਲਾਫ ਜਾਂਚ ਲਈ ਲਿਸਟ ਦਿੱਲੀ 'ਚ ਹੀ ਚੀਫ ਮਨਿਸਟਰ ਨੂੰ ਦਿੱਤੇ ਜਾਣ ਦੀ ਸੂਚਨਾ ਹੈ।
ਜਾਖੜ ਦੀ ਕਾਂਗਰਸ ਲੀਡਰਾਂ ਨੂੰ ਮੀਡੀਆ 'ਚ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ
ਸਿੱਧੂ ਦੀ ਕਾਂਗਰਸ ਲੀਡਰਾਂ ਨਾਲ ਛਿੜੀ ਜੰਗ ਨੂੰ ਹਾਈਕਮਾਨ ਨੇ ਕਾਫੀ ਗੰਭੀਰਤਾ ਨਾਲ ਲਿਆ ਹੈ, ਜਿਸ ਤਹਿਤ ਪਹਿਲਾਂ ਸਿੱਧੂ ਨੂੰ ਦਿੱਲੀ ਬੁਲਾ ਕੇ ਸ਼ਾਂਤ ਰਹਿਣ ਲਈ ਕਹਿ ਦਿੱਤਾ ਗਿਆ ਤੇ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਵਿਧਾਇਕ ਤੇ ਮੇਅਰਾਂ ਦੀ ਮੀਟਿੰਗ ਬੁਲਾਈ, ਜਿਸ ਦੌਰਾਨ ਪਹਿਲਾਂ ਤਾਂ ਸਿੱਧੂ ਦੇ ਖਿਲਾਫ ਕਾਂਗਰਸ ਨੇਤਾਵਾਂ ਨੇ ਭੜਾਸ ਕੱਢੀ ਤੇ ਨਾਜਾਇਜ਼ ਨਿਰਮਾਣ ਖਿਲਾਫ ਕਾਰਵਾਈ ਨਾਲ ਲੋਕ ਸਭਾ ਚੋਣ 'ਚ ਨੁਕਸਾਨ ਹੋਣ ਦਾ ਮੁੱਦਾ ਚੁੱਕਿਆ, ਜਿਸ 'ਤੇ ਜਾਖੜ ਨੇ ਸਾਰਿਆਂ ਨੂੰ ਮੀਡੀਆ 'ਚ ਜਾਣ ਦੀ ਜਗ੍ਹਾ ਪਾਰਟੀ ਪਲੇਟਫਾਰਮ 'ਤੇ ਆਪਣੀ ਗੱਲ ਰੱਖਣ ਦੀ ਹਦਾਇਤ ਦਿੱਤੀ ਹੈ।