2 ਤੋਂ 5 ਨਵੰਬਰ ਤਕ ਸ਼ਰਾਬ ਦੇ ਠੇਕੇ ਬੰਦ ਰੱਖਣ ਲਈ ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ

10/30/2017 2:46:23 PM

ਸੁਲਤਾਨਪੁਰ ਲੋਧੀ (ਸੋਢੀ)— ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨੂੰ ਲਿਖਤੀ ਪੱਤਰ ਭੇਜ ਕੇ ਪੁਰਜ਼ੋਰ ਮੰਗ ਕੀਤੀ ਹੈ ਕਿ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 548ਵੇਂ ਪ੍ਰਕਾਸ਼ ਗੁਰਪੁਰਬ ਮੌਕੇ 'ਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ 2 ਨਵੰਬਰ ਤੋਂ 5 ਨਵੰਬਰ ਤੱਕ ਸੁਲਤਾਨਪੁਰ ਲੋਧੀ ਸ਼ਹਿਰ ਤੇ ਬਾਹਰਲੀਆਂ ਮੁੱਖ ਸੜਕਾਂ 'ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਕੋਈ ਲੜਾਈ-ਝਗੜਾ ਜਾਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਹੋ ਸਕੇ। 
ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵੱਲੋਂ ਭਾਈ ਸੁਖਜੀਤ ਸਿੰਘ ਖੋਸੇ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਅੰਦਰੋਂ ਤੇ ਬਾਹਰੋਂ ਮੀਟ, ਸ਼ਰਾਬ, ਤੰਬਾਕੂ ਵਾਲੀਆਂ ਦੁਕਾਨਾਂ (ਠੇਕੇ) ਪ੍ਰਕਾਸ਼ ਗੁਰਪੁਰਬ ਮੌਕੇ 2 ਨਵੰਬਰ ਤੋਂ 5 ਨਵੰਬਰ ਤੱਕ ਬੰਦ ਕਰਵਾਏ ਜਾਣ। ਭਾਈ ਖੋਸੇ ਤੇ ਹੋਰ ਧਾਰਮਿਕ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਅਗਰ ਪਿਛਲੇ ਸਾਲ ਵਾਂਗ ਇਸ ਵਾਰ ਵੀ ਗੁਰੂ ਕੀ ਨਗਰੀ ਦੇ ਆਲੇ-ਦੁਆਲੇ ਸ਼ਰਾਬ-ਮੀਟ ਵਾਲੀਆਂ ਦੁਕਾਨਾਂ ਖੁਲ੍ਹੀਆਂ ਦੇਖੀਆਂ ਗਈਆਂ ਤਾਂ ਫਿਰ ਉਹ ਬਰਦਾਸ਼ਤ ਨਹੀਂ ਕਰਨਗੇ। 
ਕੀ ਕਹਿੰਦੇ ਹਨ ਐੱਸ. ਡੀ. ਐੱਮ.
ਇਸ ਸਬੰਧੀ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਦੱਸਿਆ ਕਿ ਉਹ ਇਸ ਸਬੰਧੀ ਉਚਿਤ ਕਾਰਵਾਈ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਮਾਮਲੇ 'ਚ ਉਨ੍ਹਾਂ ਡੀ. ਸੀ. ਨਾਲ ਮੀਟਿੰਗ ਕਰਕੇ ਅਪੀਲ ਕੀਤੀ ਸੀ ਕਿ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸ਼ਹਿਰ ਦੇ ਅੰਦਰੋਂ ਤੇ ਬਾਹਰੋਂ ਸ਼ਰਾਬ ਦੇ ਠੇਕੇ ਤੇ ਮੀਟ, ਤੰਬਾਕੂ ਦੀਆਂ ਦੁਕਾਨਾਂ 2 ਨਵੰਬਰ ਤੋਂ 5 ਨਵੰਬਰ ਤਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਣ।