10 ਮਹੀਨਿਆਂ ਤੋਂ ਐਕਸਟੈਂਸ਼ਨ ਲੈਣ ਲਈ ਭਟਕ ਰਿਹਾ ਅਪਾਹਜ ਲਾਈਨਮੈਨ

05/27/2019 4:11:47 PM

ਜਲੰਧਰ (ਪੁਨੀਤ) : ਪਾਵਰ ਨਿਗਮ ਦੇ ਨਿਯਮ ਮੁਤਾਬਕ ਜੇਕਰ ਡਿਊਟੀ ਦੌਰਾਨ ਕਰਮਚਾਰੀ ਦਾ ਹਾਦਸੇ 'ਚ ਸਰੀਰਕ ਤੌਰ 'ਤੇ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ 58 ਦੀ ਥਾਂ 'ਤੇ 60 ਸਾਲ ਦੀ ਉਮਰ 'ਚ ਰਿਟਾਇਰਡ ਕੀਤਾ ਜਾਂਦਾ ਹੈ ਪਰ ਪਾਵਰ ਨਿਗਮ ਅਧਿਕਾਰੀਆਂ ਦੇ ਰਵੱਈਏ ਕਾਰਨ ਉਨ੍ਹਾਂ ਨੂੰ ਡਿਊਟੀ 'ਚ ਐਕਸਟੈਂਸ਼ਨ ਨਹੀਂ ਦਿੱਤੀ ਗਈ। ਉਕਤ ਗੱਲਾਂ ਦਾ ਪ੍ਰਗਟਾਵਾ ਪਾਵਰ ਨਿਗਮ ਦੇ ਲਾਈਨਮੈਨ ਕੁੰਦਨ ਸਿੰਘ (ਆਈ. ਡੀ. ਨੰਬਰ 265805) ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ 31 ਜੁਲਾਈ 2018 ਨੂੰ ਉਨ੍ਹਾਂ ਦੀ ਉਮਰ 58 ਸਾਲ ਦੀ ਸੀ ਪਰ 10 ਮਹੀਨੇ ਬੀਤਣ ਦੇ ਬਾਅਦ ਵੀ ਉਨ੍ਹਾਂ ਨੂੰ ਐਕਸਟੈਂਸ਼ਨ ਨਹੀਂ ਮਿਲ ਸਕੀ। ਕੁੰਦਨ ਸਿੰਘ ਨੇ ਦੱਸਿਆ ਕਿ 31 ਦਸੰਬਰ 2012 ਨੂੰ ਡਿਊਟੀ ਦੌਰਾਨ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦਾ ਖੱਬਾ ਹੱਥ ਕੰਮ ਕਰਨਾ ਬੰਦ ਕਰ ਗਿਆ। ਇਸ ਦੌਰਾਨ ਉਸ ਦੀ ਪਿੱਠ 'ਤੇ ਵੀ ਪ੍ਰਭਾਅ ਪਿਆ। ਉਨ੍ਹਾਂ ਨੇ ਕਿਹਾ ਕਿ ਪਾਵਰ ਨਿਗਮ ਦੇ ਸਰਕੂਲਰ ਨੰਬਰ 11/2015 ਮੀਮੋ ਨੰ. 13044/13495 ਆਰ ਈ ਜੀ-425 ਮਿਤੀ 24 ਜੁਲਾਈ 2015 ਵਿਚ ਸਾਫ ਤੌਰ 'ਤੇ ਲਿਖਿਆ ਹੈ ਕਿ ਅਪਾਹਜ ਵਿਅਕਤੀ ਨੂੰ 2 ਸਾਲ ਦੀ ਐਕਸਟੈਂਸ਼ਨ ਦਿੱਤੀ ਜਾਵੇ।

ਕੁੰਦਨ ਸਿੰਘ ਨੇ ਕਿਹਾ ਕਿ ਉਹ ਕਈ ਵਾਰ ਪਟਿਆਲਾ ਜਾ ਕੇ ਲੀਗਲ ਸੈੱਲ, ਪ੍ਰਮੋਸ਼ਨਲ ਵਿਭਾਗ, ਈ. ਐੱਨ. ਜੀ.-2 ਉਪ ਸਕੱਤਰ ਸੇਵਾ ਭਾਗ-2 ਸਮੇਤ ਵੱਖ-ਵੱਖ ਬ੍ਰਾਂਚਾਂ ਵਿਚ ਆਪਣਾ ਦੁੱਖੜਾ ਰੋ ਚੁੱਕੇ ਹਨ ਪਰ ਨਤੀਜਾ ਕੁਝ ਵੀ ਨਹੀਂ ਨਿਕਲ ਰਿਹਾ। ਹਰ ਵਾਰ ਇਹ ਕਹਿ ਕੇ ਭੇਜ ਦਿੱਤਾ ਜਾਂਦਾ ਹੈ ਕਿ ਸੀ. ਐੱਮ. ਡੀ. ਆਫਿਸ ਤੋਂ ਐਕਸਟੈਂਸ਼ਨ ਦੀ ਇਜਾਜ਼ਤ ਨਹੀਂ ਆਈ। ਉਨ੍ਹਾਂ ਕਿਹਾ ਕਿ ਕਰੰਟ ਲੱਗਣ ਤੋਂ ਬਾਅਦ ਉਨ੍ਹਾਂ ਨੇ ਸਬੰਧਿਤ ਡਵੀਜ਼ਨ ਨੂੰ ਅਪਾਹਜ ਹੋਣ ਕਾਰਨ ਇਨਕਮ ਟੈਕਸ ਵਿਚ ਰਿਬੇਟ ਲਈ ਫਾਰਮ 16 ਵੀ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਬਣਦੀ ਐਕਸਟੈਂਸ਼ਨ ਨਾ ਦਿੱਤਾ ਜਾਣਾ ਨਿਯਮਾਂ ਦੇ ਉਲਟ ਹੈ।
 

Anuradha

This news is Content Editor Anuradha