ਆਜ਼ਾਦੀ ਦੇ 70 ਸਾਲ ਬੀਤ ਜਾਣ ''ਤੇ ਵੀ ਲਾਇਬ੍ਰੇਰੀ ਤੋਂ ਸੱਖਣੇ ''ਪਾਇਲ'' ਵਾਸੀ

11/29/2017 5:40:14 AM

ਪਾਇਲ(ਬਰਮਾਲੀਪੁਰ)-ਦੇਸ਼ ਨੂੰ ਆਜ਼ਾਦ ਹੋਇਆਂ 60 ਸਾਲ ਬੀਤ ਗਏ ਅਤੇ ਪਾਇਲ ਸ਼ਹਿਰ ਨੂੰ ਆਬਾਦ ਹੋਇਆਂ 3 ਸਦੀਆਂ ਤੋਂ ਵਧੇਰੇ ਦਾ ਸਮਾਂ ਨਿਕਲ ਚੁੱਕਿਆ ਹੈ, ਦੇ ਬਾਵਜੂਦ ਸਥਾਨਕ ਵਿਰਾਸਤੀ ਸ਼ਹਿਰ ਅੱਜ ਵੀ ਸ਼ਬਦ ਸੱਭਿਆਚਾਰ ਦਾ ਸੁਨੇਹਾ ਦੇਣ ਵਾਲੀ ਕਿਸੇ ਲਾਇਬ੍ਰੇਰੀ ਦਾ ਮਾਲਕ ਨਹੀਂ ਬਣ ਸਕਿਆ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਬਤੌਰ ਵਿਧਾਇਕ 27 ਨਵੰਬਰ, 1976 ਨੂੰ ਇਕ ਥਾਂ 'ਤੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਸੀ। ਜਾਣਕਾਰੀ ਅਨੁਸਾਰ ਰਾਜਿਆਂ-ਮਹਾਰਾਜਿਆਂ ਦੀ ਵਿਰਾਸਤ ਦਾ ਇਤਿਹਾਸ ਤਾਂ ਭਾਵੇਂ ਇਸ ਸ਼ਹਿਰ ਦੇ ਮਾਣ ਵਿਚ ਵਾਧਾ ਕਰ ਰਿਹਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਸ਼ਹਿਰ 'ਤੇ ਚੜ੍ਹਾਈ ਸਬੰਧੀ ਇਤਿਹਾਸ ਨੂੰ ਖੰਗਾਲਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਪਰ ਸ਼ਰਮਨਾਕ ਗੱਲ ਹੈ ਕਿ ਹਾਲੇ ਤੱਕ ਸ਼ਹਿਰ ਵਾਸੀਆਂ ਨੂੰ ਲਾਇਬ੍ਰੇਰੀ ਦੀ ਸਹੂਲਤ ਨਹੀਂ ਮਿਲ ਸਕੀ।
ਨਗਰ ਕੌਂਸਲ ਤੁਰੰਤ ਪਹਿਲ ਕਦਮੀ ਲਈ ਆਵੇ ਅੱਗੇ
ਅੰਤਰਰਾਸ਼ਟਰੀ ਪੱਧਰ ਦੇ ਪੰਜਾਬੀ ਨਾਵਲਕਾਰ ਤੇ ਨੇੜਲੇ ਪਿੰਡ ਅਲੂਣਾ ਦੇ ਜੰਮਪਲ ਜਤਿੰਦਰ ਸਿੰਘ ਹਾਂਸ ਦਾ ਕਹਿਣਾ ਹੈ ਕਿ ਪਾਇਲ ਸ਼ਹਿਰ ਰਾਜਿਆਂ-ਮਹਾਰਾਜਿਆਂ ਦਾ ਸ਼ਹਿਰ ਹੈ ਤੇ ਸ਼ਬਦ ਸੱਭਿਆਚਾਰ ਦਾ ਸੁਨੇਹਾ ਦੇਣ ਦਾ ਸਭ ਤੋਂ ਵੱਡਾ ਵਸੀਲਾ ਹੋ ਸਕਦਾ ਸੀ ਪਰ ਅਫਸੋਸ ਕਿ 3 ਸਦੀਆਂ ਤੋਂ ਕਰੀਬ 10 ਪੀੜ੍ਹੀਆਂ ਨੂੰ ਸਾਹਿਤਕ ਅਗਵਾਈ ਨਾ ਮਿਲਣ ਦੀ ਵਜ੍ਹਾ ਹੀ ਹੈ ਕਿ ਸ਼ਹਿਰ ਤੇ ਇਲਾਕਾ ਨਿਵਾਸੀ ਹਰ ਪੱਖੋਂ ਬੁਰੀ ਤਰ੍ਹਾਂ ਪੱਛੜੇ ਨਜ਼ਰ ਆ ਰਹੇ ਹਨ। ਹਾਂਸ ਅਨੁਸਾਰ  ਸਥਾਨਕ ਨਗਰ ਕੌਂਸਲ ਤੁਰੰਤ ਪਹਿਲ ਕਦਮੀ ਕਰਨ ਲਈ ਅੱਗੇ ਆਵੇ।  
ਆਪਣੇ ਪੱਧਰ 'ਤੇ ਨਿਤਰੇ ਜਗਦੇਵ ਘੁੰਗਰਾਲੀ
ਸਰਕਾਰੀ ਸਕੂਲ ਰਾਏਪੁਰ ਰਾਜਪੂਤਾਂ ਦੇ ਅਧਿਆਪਕ ਅਤੇ ਵਿਸ਼ਵ ਸਿੱਖ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਸਟਰ ਜਗਦੇਵ ਘੁੰਗਰਾਲੀ ਅਨੁਸਾਰ ਉਨ੍ਹਾਂ ਆਪਣੇ ਨਿੱਜੀ ਥਾਂ 'ਤੇ ਕਿਤਾਬਾਂ ਲਿਆ ਕੇ ਲਾਇਬ੍ਰੇਰੀ ਦੀ ਤਰ੍ਹਾਂ ਹੀ ਰੱਖੀਆਂ ਹਨ ਤੇ ਸਕੂਲ ਡਿਊਟੀ ਤੋਂ ਬਾਅਦ ਉਹ ਖੁਦ ਉਥੇ ਬੈਠਦੇ ਹਨ ਤੇ ਇਲਾਕੇ ਦੇ ਲੋਕਾਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਦੇ ਹਨ।