ਪੰਜਾਬ 'ਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਸਸਪੈਂਡ

09/22/2019 9:14:26 PM

ਚੰਡੀਗੜ੍ਹ (ਸ਼ਰਮਾ)- ਸੂਬੇ 'ਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਅੱਜ ਡਰੱਗ ਐਡਮਨਿਸਟ੍ਰੇਸ਼ਨ ਵਿੰਗ ਪੰਜਾਬ ਦੇ ਇਕ ਬੁਲਾਰੇ ਨੇ ਦਿੱਤੀ। ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਬਪਰੇਨੋਰਫਿਨ ਅਤੇ ਨੈਲੋਜ਼ੋਨ ਦੇ ਇਨ੍ਹਾਂ ਕੇਂਦਰਾਂ ਤੋਂ ਸੈਂਪਲ ਇਕੱਤਰ ਕੀਤੇ ਗਏ ਜੋ ਮਿਆਰੀ ਮਾਪਦੰਡਾਂ ਦੇ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸਬੰਧਤ ਕੇਂਦਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਸ਼ਾ ਛੁਡਾਊ ਕੇਂਦਰ 'ਤੇ ਦਿੱਤੀ ਜਾ ਰਹੀ ਡਰੱਗ ਦੇ ਮਿਆਰ ਨੂੰ ਯਕੀਨੀ ਬਣਾਉਣ ਜਾਵੇ ਇਸਦੇ ਮੱਦੇਨਜ਼ਰ ਪੰਜਾਬ ਸਬਸਟਾਂਸ ਯੂਜ਼ ਡਿਸਆਰਡਰ, ਟਰੀਟਮੈਂਟ ਐਂਡ ਕੌਂਸਲਿੰਗ ਐਂਡ ਰੀਹੈਬੀਲੀਟੇਸ਼ਨ ਸੈਂਟਰਜ਼ ਰੂਲਜ਼ 2011 ਦੇ ਨਿਯਮ 11 ਦੇ ਹੇਠ ਇਨ੍ਹਾਂ ਕੇਂਦਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ 'ਚ ਪੁੱਛਿਆ ਗਿਆ ਹੈ ਕਿ ਉਨ੍ਹਾਂ ਵਲੋਂ ਦਿੱਤੀ ਜਾ ਰਹੀ ਦਵਾਈ ਮਿਆਰ ਦੇ ਅਨੁਕੂਲ ਕਿਉ ਨਹੀਂ ਸੀ? ਬੁਲਾਰੇ ਅਨੁਸਾਰ ਇਨ੍ਹਾਂ ਨੂੰ 15 ਦਿਨਾਂ 'ਚ ਆਪਣੇ ਜੁਆਬ ਪੇਸ਼ ਕਰਨ ਲਈ ਆਖਿਆ ਗਿਆ ਹੈ ਅਜਿਹਾ ਕਰਨ 'ਚ ਅਸਫ਼ਲ ਰਹਿਣ ਵਾਲਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।

ਜਿਨ੍ਹਾਂ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਉਨ੍ਹਾਂ 'ਚ ਪਰਿਵਰਤਨ ਨਸ਼ਾ ਨਿਰਭਰਤਾ ਇਲਾਜ ਕੇਂਦਰ, ਅੰਮ੍ਰਿਤਸਰ, ਪੰਕਜ ਵਰਮਾ, ਨਿਊਰੋ ਮਨੋਵਿਗਿਆਨ ਅਤੇ ਨਸ਼ਾ ਛੁਡਾਊ ਕੇਂਦਰ, ਲੁਧਿਆਣਾ, ਪ੍ਰਿਆਸ ਲੁਧਿਆਣਾ, ਏਕਮ ਹਸਪਤਾਲ, ਮੋਗਾ, ਬਰਨਾਲਾ ਮਨੋਰੋਗ ਹਸਪਤਾਲ, ਬਰਨਾਲਾ, ਪੁਨੀਤ ਕਥੂਰੀਆ ਪ੍ਰੇਮ ਨਿਰੋਸਾਈਕੈਟ੍ਰਿਕ ਹਸਪਤਾਲ, ਸੰਗਰੂਰ, ਕਪੂਰਥਲਾ ਸਾਈਕਿਆਟ੍ਰਿਕ ਨਰਸਿੰਗ ਹੋਮ, ਕਪੂਰਥਲਾ , ਮੈਕਸ ਸੁਪਰ ਸਪੈਸਲਿਟੀ ਹਸਪਤਾਲ ਡੀ-ਅਡੀਕਸ਼ਨ ਸੈਂਟਰ, ਬਠਿੰਡਾ, ਸਤਕਾਰ ਨਸ਼ਾ ਨਿਰਭਰਤਾ ਇਲਾਜ ਕੇਂਦਰ, ਐਫਜੀਐਸ, ਮੈਡੀਕੇਅਰ ਹਸਪਤਾਲ, ਐਫਜੀਐਸ, ਬੈਨੀਵਾਲ ਹਸਪਤਾਲ, ਫਾਜਲਿਕਾ, ਕ੍ਰਿਪਾ ਸਾਈਕੈਟ੍ਰਿਕ ਐਂਡ ਨਸ਼ਾ ਛੁਡਾ ਕੇਂਦਰ, ਹੁਸ਼ਿਆਰਪੁਰ, ਸੰਦੇਸ਼ ਹਸਪਤਾਲ, ਲੁਧਿਆਣਾ, ਵਰਦਾਨ ਨਸ਼ਾ ਨਿਰਭਰਤਾ ਇਲਾਜ, ਪਟਿਆਲਾ, ਪ੍ਰਗਤੀ ਮਾਨਸਿਕ ਰੋਗ ਅਤੇ ਨਸ਼ਾ ਛੁਡਾਊ ਕੇਂਦਰ, ਪਠਾਨਕੋਟ, ਆਸਾ ਨਸ਼ਾ ਨਿਰਭਰਤਾ ਇਲਾਜ ਹਸਪਤਾਲ, ਨਵਾਂਸ਼ਹਿਰ, ਸੁਖ ਮਾਨਸਿਕ ਰੋਗ ਹਸਪਤਾਲ ਅਤੇ ਨਸ਼ਾ ਛਡਾਊ, ਸ੍ਰੀ ਮੁਕਤਸਰ ਸਾਹਿਬ, ਨਿਰਮਲ ਛਾਇਆ ਮਨੋਵਿਗਿਆਨ ਅਤੇ ਨਸ਼ਾ ਛਡਾ ਕੇਂਦਰ, ਤਰਨਤਾਰਨ ਸ਼ਾਮਲ ਹਨ।

Karan Kumar

This news is Content Editor Karan Kumar