82 ਸਕੂਲਾਂ ’ਚ 473 ਅਧਿਆਪਕਾਂ ਦੀ ਘਾਟ ਕਾਰਨ ਡਿਗ ਰਿਹੈ ਸਿੱਖਿਆ ਦਾ ਪੱਧਰ

07/09/2018 7:29:01 AM

 ਮੋਗਾ (ਗੋਪੀ ਰਾਊਕੇ) - ਇਕ ਪਾਸੇ ਜਿਥੇ ਸਰਕਾਰ ਵੱਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ  ਹੀ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਕਮੀ ਕਰ ਕੇ ਸਿੱਖਿਆ ਦਾ ਪੱਧਰ ਡਿਗ ਰਿਹਾ ਹੈ। ਜ਼ਿਲੇ ਦੇ ਸਿੱਖਿਆ ਵਿਭਾਗ ਦੇ ਵਿਭਾਗੀ ਸੂਤਰਾਂ ਤੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ 82  ਸੀਨੀਅਰ ਸੈਕੰਡਰੀ ਸਕੂਲਾਂ ’ਚ 473 ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹਨ,  ਜਿਸ  ਕਾਰਨ  ਵਿਦਿਆਰਥੀ ਵਿਹਲੇ ਬੈਠਣ ਲਈ ਮਜਬੂਰ ਹਨ  ਤੇ ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਦੂਜੇ ਪਾਸੇ 2008 ਵਿਚ ਜ਼ਿਲੇ ਭਰ ਦੇ ਸਰਕਾਰੀ ਸਕੂਲਾਂ ਵਿਚ ਬਣੇ ਕੁੱਝ ਸਾਇੰਸ ਬਲਾਕਾਂ ’ਚ ਸਮੇਂ ਸਿਰ ਅਧਿਆਪਕ ਨਾ ਆਉਣ ਕਰ ਕੇ ਇਹ ਸਾਇੰਸ ਬਲਾਕ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ  ਦੀ ਪਡ਼੍ਹਾਈ ਹਾਲੇ ਤੱਕ ਸ਼ੁਰੂ ਨਹੀਂ ਕਰਵਾ ਸਕੇ,  ਪਿੰਡ ਰਾਊਕੇ ਕਲਾਂ ਵਿਖੇ ਬਣੇ ਸਾਇੰਸ ਬਲਾਕ ਦੀਆਂ ਤਾਂ ਆਖਿਰਕਾਰ ਵਿਭਾਗ ਨੇ ਪੋਸਟਾਂ ਹੀ ਖ਼ਤਮ ਕਰ ਦਿੱਤੀਆਂ ਹਨ।
ਕੀ ਕਹਿਣੈ ਜ਼ਿਲਾ ਸਿੱਖਿਆ ਅਫ਼ਸਰ ਦਾ
 ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾਡ਼ ਦਾ ਕਹਿਣਾ ਸੀ ਕਿ ਜ਼ਿਲੇ ਭਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਅਧਿਆਪਕਾਂ ਦੀ ਕਮੀ ਹੈ। ਜ਼ਿਲੇ ’ਚ ਜ਼ਿਆਦਾ ਸੀਨੀਅਰ ਸੈਕੰਡਰੀ ਸਕੂਲ ਬਣਨ ਕਾਰਨ ਅਧਿਆਪਕਾਂ ਦੀ ਕਮੀ ਹੈ, ਜੇਕਰ ਪੰਜ ਕਿਲੋਮੀਟਰ ਦੇ ਘੇਰੇ ਤੱਕ ਇਕ ਸੀਨੀਅਰ ਸੈਕੰਡਰੀ ਸਕੂਲ ਹੋਵੇ ਤਾਂ ਇਸ ਨਾਲ ਅਧਿਆਪਕਾਂ ਦੀ ਕਮੀ ਪੂਰੀ ਹੋ ਸਕਦੀ ਹੈ।
 ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦੀ ਲੋੜ’
ਸਮਾਜਕ ਸਰੋਕਾਰਾਂ ਨਾਲ ਜੁਡ਼ੇ ਨੌਜਵਾਨ ਆਗੂ ਬਲਕਾਰ ਭੁੱਲਰ ਦਾ ਕਹਿਣਾ ਸੀ ਕਿ ਭਾਵੇਂ ਵਿਦਿਆਰਥੀਆਂ ਦੀ ਸਹੂਲਤ ਲਈ ਸਰਕਾਰਾਂ ਵੱਲੋਂ ਹੋਰ ਸਹੂਲਤਾਂ ਦੇਣਾ ਠੀਕ ਹੈ ਪਰ  ਜੇਕਰ ਸੱਚਮੁੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਸਰਕਾਰ ਵਚਨਬੱਧ ਹੈ ਤਾਂ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਕਮੀ ਨੂੰ ਤੁਰੰਤ ਪੂੁਰਾ ਕਰਨ ਦੀ ਲੋਡ਼ ਹੈ।