ਬਲਬੀਰ ਸਿੱਧੂ ਦਾਅਵਾ ਕਰੇ ਕਿ ‘ਉਸ ਨੇ ਗ਼ੈਰ-ਕਾਨੂੰਨੀ ਜਾਇਦਾਦ ਨਹੀਂ ਬਣਾਈ’ : ਬੀਰ ਦਵਿੰਦਰ

09/28/2021 12:35:44 AM

ਮੋਹਾਲੀ(ਨਿਆਮੀਆਂ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਪ੍ਰੈੱਸ ਕਾਨਫਰੰਸ ਬਾਰੇ ਕਿਹਾ ਹੈ ਕਿ ਸਮਾਂ ਬਹੁਤ ਬਲਵਾਨ ਹੈ ਅਤੇ ਇਤਿਹਾਸ ਆਪਣੇ-ਆਪ ਨੂੰ ਫਿਰ ਦੁਹਰਾਉਂਦਾ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਪ੍ਰਬੰਧਕੀ ਸਕੱਤਰਾਂ ਨੂੰ ਸੂਬੇ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਖਾਕਾ ਤਿਆਰ ਕਰਨ ਦੇ ਹੁਕਮ
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੀ ਕੈਬਨਿਟ ’ਚੋਂ ਬਾਹਰ ਕੀਤੇ ਜਾਣ ’ਤੇ ਕਾਂਗਰਸ ਹਾਈਕਮਾਂਡ ਤੋਂ ਪੁੱਛਿਆ ਸੀ ਕਿ ਉਨ੍ਹਾਂ ਦਾ ਕਸੂਰ ਕੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੇ ਸਾਹਮਣੇ ਬਲਬੀਰ ਸਿੰਘ ਸਿੱਧੂ ਨੂੰ ਰੋਂਦੇ ਵੇਖ ਕੇ ਉਨ੍ਹਾਂ ਨੂੰ ਇਹ ਗੱਲ ਯਾਦ ਆ ਗਈ ਹੈ ਕਿ ਉਨ੍ਹਾਂ ਨੇ ਵੀ ਸਾਲ 2007 ਵਿਚ ਵਿਧਾਨ ਸਭਾ ਖਰੜ ’ਤੋਂ ਟਿਕਟ ਕੱਟੇ ਜਾਣ ’ਤੇ ਕਾਂਗਰਸ ਹਾਈਕਮਾਨ ਤੋਂ ਇਹੀ ਸਵਾਲ ਪੁੱਛਿਆ ਸੀ ਕਿ ਮੇਰਾ ਕੀ ਕਸੂਰ ਹੈ ਕਿਉਂਕਿ ਉਨ੍ਹਾਂ ਦੀ ਟਿਕਟ ਵੀ ਬਲਬੀਰ ਸਿੰਘ ਸਿੱਧੂ ਨੂੰ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਕਾਂਗਰਸ ਪਾਰਟੀ ਵਿਚ ਉਹ ਬਲਬੀਰ ਸਿੰਘ ਸਿੱਧੂ ਤੋਂ ਕਾਫ਼ੀ ਸੀਨੀਅਰ ਸਨ ਪਰ ਇਸ ਦੇ ਬਾਵਜੂਦ ਵੀ ਟਿਕਟ ਕੱਟੇ ਜਾਣ ’ਤੇ ਉਹ ਬਿਨਾਂ ਕਿਸੇ ਨੂੰ ਦੋਸ਼ ਦਿੱਤੇ ਆਪਣੇ ਘਰ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਖੇਤਰ ਖਰੜ ਦੇ ਪੁਰਾਣੇ ਸੇਵਾਦਾਰ ਹੋਣ ਦੇ ਨਾਤੇ ਸਿੱਧੂ ਤੋਂ ਇਹ ਜ਼ਰੂਰ ਪੁੱਛਣਗੇ ਕਿ ਕੀ ਸਿੱਧੂ ਨੇ ਇਸ ਮਿਆਦ ’ਚ ਕੋਈ ਗ਼ੈਰ-ਕਾਨੂੰਨੀ ਜਾਇਦਾਦ ਨਹੀਂ ਬਣਾਈ? ਸਿੱਧੂ ਦਾ ਸਾਲ 2007 ਤੋਂ ਲੈ ਕੇ ਸਤੰਬਰ 2021 ਤਕ ਗ਼ੈਰ-ਕਾਨੂੰਨੀ ਦੌਲਤ, ਜ਼ਮੀਨ, ਸ਼ਰਾਬ ਦਾ ਕੰਮ-ਕਾਜ, ਗ਼ੈਰ-ਕਾਨੂੰਨੀ ਕਾਰੋਬਾਰਾਂ ਦਾ ਆਧਾਰ ਕੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਚਾਹੀਦਾ ਹੈ ਕਿ ਗਊਸ਼ਾਲਾ ਦੇ ਨਾਂ ’ਤੇ ਬਲੌਂਗੀ ਗਰਾਮ ਪੰਚਾਇਤ ਦੀ ਕਰੋੜਾਂ ਰੁਪਏ ਦੀ ਜ਼ਮੀਨ ਵਾਪਸ ਕਰ ਦੇਣ, ਨਹੀਂ ਤਾਂ ਹੋਰ ਵੀ ਜਲਾਲਤ ਭਰਿਆ ਸਮਾਂ ਵੇਖਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਭਾਰਤ ਬੰਦ ਰਿਹੈ ਸਫਲ : ਲੱਖੋਵਾਲ

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮਹਾਮਾਰੀ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਵੱਡੇ ਪੱਧਰ ’ਤੇ ਸਰਕਾਰੀ ਵੈਕਸੀਨ ਵੇਚ ਕੇ ਗ਼ੈਰ-ਕਾਨੂੰਨੀ ਵਪਾਰ ਹੋਇਆ ਅਤੇ ਫਤਿਹ ਕਿੱਟ ’ਚ ਵੱਡੀ ਧਾਂਧਲੀ ਹੋਈ ਹੈ, ਉਹ ਤੁਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਸ ਮਾਮਲੇ ਦੀ ਵਿਜੀਲੈਂਸ ਪੜਤਾਲ ਕਰਵਾਉਣ ਦੀ ਮੰਗ ਕਰਨਗੇ । ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਆਖਿਰ ਕੋਵਿਡ ਮਹਾਮਾਰੀ ਦੀ ਭਿਆਨਕਤਾ ਸਮੇਂ ਜੋ ਗ਼ੈਰ-ਕਾਨੂੰਨੀ ਸ਼ਰਾਬ ਦੀ ਢੁਆਈ ਸਿਹਤ ਵਿਭਾਗ ਦੀਆਂ ਐਂਬੁੂਲੈਂਸਾਂ ’ਚ ਹੋ ਰਹੀ ਸੀ, ਉਹ ਕਿਸਦੀ ਸੀ?

Bharat Thapa

This news is Content Editor Bharat Thapa