ਪਿੰਡ ਡੱਫਰ ''ਚ ਚੀਤਾ ਆਉਣ ਕਾਰਨ ਲੋਕਾਂ ''ਚ ਭਾਰੀ ਦਹਿਸ਼ਤ ਦਾ ਮਾਹੌਲ

05/27/2020 4:19:17 PM

ਗੜ੍ਹਦੀਵਾਲਾ (ਜਤਿੰਦਰ) : ਨਜ਼ਦੀਕੀ ਪਿੰਡ ਡੱਫਰ ਵਿਖੇ ਲੋਕਾਂ ਵਿਚ ਉਸ ਸਮੇਂ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੋਕਾਂ ਨੇ ਖੇਤਾਂ ਵਿਚ ਇਕ ਚੀਤਾ ਘੁੰਮਦਾ ਹੋਇਆ ਦੇਖਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਡੱਫਰ ਤੋਂ ਮੰਡ-ਭੰਡੇਰ ਰੋਡ 'ਤੇ ਪੈਂਦੇ ਅੰਬਾਂ ਦੇ ਬਾਗ ਕੋਲ ਖੇਤਾਂ ਵਿਚ ਲੋਕਾਂ ਨੇ ਚੀਤੇ ਨੂੰ ਦੇਖਿਆ। ਕੁਝ ਦਿਨ ਪਹਿਲਾਂ ਵੀ ਲੋਕਾਂ ਨੇ ਖੇਤਾਂ ਵਿਚ ਚੀਤਾ ਦੇਖਿਆ ਸੀ ਜਿਸ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਪਰ ਵਿਭਾਗ ਵਲੋਂ ਸਰਚ ਕਰਨ ਤੋਂ ਬਾਅਦ ਕੁਝ ਵੀ ਨਹੀਂ ਮਿਲਿਆ। ਹੁਣ ਦੋਬਾਰਾ ਚੀਤਾ ਘੁੰਮਦਾ ਦੇਖ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਬੀਤੀ ਸ਼ਾਮ ਜਥੇਦਾਰ ਹਰਪਾਲ ਸਿੰਘ ਨੇ ਖੇਤਾਂ ਵਿਚ ਚੀਤਾ ਦੇਖਿਆ ਜਿਸ ਤੋਂ ਬਾਅਦ ਤੁਰੰਤ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਮਹਿਕਮੇ ਦੇ ਬਲਾਕ ਅਫਸਰ ਹਰਜਿੰਦਰ ਸਿੰਘ, ਗਾਰਡ ਰਛਪਾਲ ਸਿੰਘ ਆਦਿ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਰਚ ਮੁਹਿੰਮ ਸ਼ੁਰੂ ਕੀਤੀ ਪਰ ਅਜੇ ਤੱਕ ਚੀਤੇ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਪਰੰਤੂ ਲੋਕਾਂ ਵਿਚ ਡਰ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਚੀਤੇ ਕਾਰਣ ਉਨ੍ਹਾਂ ਨੂੰ ਆਪਣੇ ਖੇਤਾਂ ਵਿਚ ਜਾਣ ਅਤੇ ਹੋਰ ਕੰਮ-ਧੰਦੇ ਕਰਨ ਵਿਚ ਡਰ ਲੱਗ ਰਿਹਾ ਹੈ। ਇਸ ਲਈ ਉਨ੍ਹਾਂ ਜਲਦੀ ਤੋਂ ਜਲਦੀ ਚੀਤੇ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।

Gurminder Singh

This news is Content Editor Gurminder Singh