ਅਧਿਆਪਕਾ ਦੇ ਡੈਪੂਟੇਸ਼ਨ ਤੋਂ ਭੜਕੇ ਪਿੰਡ ਵਾਸੀਆਂ ਨੇ ਸਕੂਲ ਅੱਗੇ ਲਾਇਆ ਧਰਨਾ

09/21/2019 2:25:24 PM

ਲਹਿਰਾਗਾਗਾ(ਗਰਗ, ਬੇਦੀ) : ਨਜ਼ਦੀਕੀ ਪਿੰਡ ਸੰਗਤਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੇਵਾ ਨਿਭਾ ਰਹੀ ਅੰਗਰੇਜ਼ੀ ਅਧਿਆਪਕਾ ਅੰਜੂ ਬਾਲਾ ਦੀ ਡੈਪੂਟੇਸ਼ਨ ਕਿਸੇ ਹੋਰ ਸਕੂਲ ਵਿਚ ਕਰ ਦਿੱਤੇ ਜਾਣ ਦੇ ਵਿਰੋਧ ਵਿਚ ਪਿੰਡ ਵਾਸੀਆਂ, ਵਿਦਿਆਰਥੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਅੱਗੇ ਧਰਨਾ ਦੇ ਕੇ ਅਧਿਆਪਕਾ ਦਾ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਸਰਦਾਰ ਊਧਮ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਪ੍ਰਧਾਨ ਸੁਖਤਾਰ ਸਿੰਘ ਆਦਿ ਨੇ ਕਿਹਾ ਕਿ ਸਕੂਲ ਵਿਚ ਕਰੀਬ 325 ਬੱਚੇ ਪੜ੍ਹਦੇ ਹਨ ਪਰ ਹੈਰਾਨੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਵਿੱਚੋਂ ਅੰਗਰੇਜ਼ੀ ਦੀ ਪੋਸਟ ਸਮੇਤ ਅਧਿਆਪਕਾਂ ਦੀ ਬਦਲੀ ਕਰ ਦਿੱਤੀ ਗਈ ਸੀ। ਪਿੰਡ ਵਾਸੀਆਂ ਦੇ ਦਬਾਅ ਕਾਰਨ ਪੋਸਟ ਖ਼ਤਮ ਕਰਨ ਦਾ ਮਾਮਲਾ ਤਾਂ ਬੇਸ਼ੱਕ ਵਿਭਾਗ ਨੇ ਠੰਡੇ ਬਸਤੇ ਵਿਚ ਪਾ ਦਿੱਤਾ ਪਰ ਉਕਤ ਅਧਿਆਪਕਾ ਨੂੰ ਡੈਪੂਟੇਸ਼ਨ 'ਤੇ ਕਿਸੇ ਹੋਰ ਸਕੂਲ ਵਿਚ ਭੇਜਣ ਦਾ ਹੁਕਮ ਜਾਰੀ ਕਰ ਦਿੱਤਾ, ਜਿਸ ਨੂੰ ਪਿੰਡ ਨਿਵਾਸੀ ਕਿਸੇ ਵੀ ਕਿਸਮ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਅਧਿਆਪਕਾਂ ਦੀ ਬਦਲੀ ਕਰਨਾ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਨੇ ਕਿਹਾ ਕਿ ਸਕੂਲ ਦੇ ਨਤੀਜੇ 100 ਪ੍ਰਤੀਸ਼ਤ ਰਹੇ ਹਨ ਅਤੇ 50 ਫ਼ੀਸਦੀ ਬੱਚੇ 80 ਪ੍ਰਤੀਸ਼ਤ ਤੋਂ ਉਪਰ ਅੰਕ ਪ੍ਰਾਪਤ ਕਰਦੇ ਹਨ ਪਰ ਸਿੱਖਿਆ ਵਿਭਾਗ ਨੂੰ ਸ਼ਾਇਦ ਇਹ ਰਾਸ ਨਹੀਂ ਆ ਰਿਹਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਨੇ ਸਕੂਲ ਵਿਚੋਂ ਕਿਸੇ ਵੀ ਅਧਿਆਪਕ ਦੀ ਬਦਲੀ ਜਾਂ ਡੈਪੂਟੇਸ਼ਨ ਕਰਨ ਦੀ ਕੋਸਿਸ਼ ਕੀਤੀ ਤਾਂ ਪਿੰਡ ਵਾਸੀ ਕੋਈ ਵੀ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀ ਹੈ ਪਰ ਦੂਜੇ ਪਾਸੇ ਪਿੰਡਾਂ ਅੰਦਰ ਸਕੂਲਾਂ ਵਿਚੋਂ ਅਧਿਆਪਕਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਸਟੇਸ਼ਨ 'ਤੇ ਭੇਜਿਆ ਜਾ ਰਿਹਾ ਹੈ ਜੋ ਕਿ ਪਿੰਡਾਂ ਦੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੇ ਕਿਸੇ ਵੀ ਅਧਿਆਪਕ ਦੀ ਬਦਲੀ ਜਾਂ ਡੈਪੂਟੇਸ਼ਨ ਨਾ ਕੀਤੀ ਜਾਵੇ ਅਤੇ ਅੰਗਰੇਜ਼ੀ ਅਧਿਆਪਕਾਂ ਦੀ ਹੋਈ ਡੈਪੂਟੇਸ਼ਨ ਨੂੰ ਤੁਰੰਤ ਰੱਦ ਕਰਕੇ ਸਕੂਲ ਵਿਚ ਹੀ ਰੱਖਿਆ ਜਾਵੇ।

ਧਰਨੇ ਦਾ ਪਤਾ ਲੱਗਦੇ ਹੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸੁਭਾਸ਼ ਚੰਦਰ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ, ਸਕੂਲ ਮੈਨੇਜਮੈਂਟ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਕੂਲ ਵਿਚੋਂ ਕਿਸੇ ਵੀ ਅਧਿਆਪਕ ਦੀ ਬਦਲੀ ਜਾਂ ਡੈਪੂਟੇਸ਼ਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੌਕੇ 'ਤੇ ਹੀ ਅੰਗਰੇਜ਼ੀ ਅਧਿਆਪਕਾ ਅੰਜੂ ਬਾਲਾ ਦੀ ਡੈਪੂਟੇਸ਼ਨ ਲਿਖਤੀ ਰੂਪ ਵਿਚ ਰੱਦ ਕਰਕੇ ਉਨ੍ਹਾਂ ਨੂੰ ਉਥੇ ਹੀ ਡਿਊਟੀ 'ਤੇ ਹਾਜ਼ਰ ਰਹਿਣ ਦੇ ਹੁਕਮ ਜਾਰੀ ਕੀਤੇ ਅਤੇ ਪਿੰਡ ਵਾਸੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ, ਜਿਸ 'ਤੇ ਸਹਿਮਤ ਹੁੰਦਿਆਂ ਪਿੰਡ ਵਾਸੀਆਂ, ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਤੁਰੰਤ ਧਰਨਾ ਖਤਮ ਕਰ ਦਿੱਤਾ।

cherry

This news is Content Editor cherry