4 ਵਾਰ ਵਿਧਾਇਕ ਬਣਨ ਤੋਂ ਬਾਅਦ ਢੀਂਡਸਾ ਸੁਨਾਮ ਹਲਕੇ ਤੋਂ ਕਿਉਂ ਭੱਜੇ : ਭੱਠਲ

01/17/2020 11:42:45 AM

ਲਹਿਰਾਗਾਗਾ (ਜ.ਬ.) : ਚਾਰ ਵਾਰ ਵਿਧਾਇਕ ਬਣਨ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਹਲਕੇ ਤੋਂ ਕਿਉਂ ਭੱਜੇ, ਇਸ ਗੱਲ ਦਾ ਜਵਾਬ ਲੋਕਾਂ ਨੂੰ ਦੇਣਾ ਪਵੇਗਾ, ਜਿਨ੍ਹਾਂ ਨੇ ਢੀਂਡਸਾ ਨੂੰ 20 ਸਾਲ ਵਿਧਾਇਕ ਬਣਾਇਆ ਸੀ। ਉਕਤ ਗੱਲਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੱਖ-ਵੱਖ ਪਿੰਡਾਂ 'ਚ ਰੱਖੇ ਸਮਾਗਮਾਂ ਵਿਚ ਸ਼ਿਰਕਤ ਕਰਨ ਤੋਂ ਪਹਿਲਾਂ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਦ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਹਲਕੇ ਦੇ ਲੋਕਾਂ ਨੂੰ ਛੱਡ ਸਕਦਾ ਹੈ ਫਿਰ ਉਨ੍ਹਾਂ ਵੱਲੋਂ ਅਕਾਲੀ ਦਲ ਨੂੰ ਛੱਡਣਾ ਕੋਈ ਵੱਡੀ ਗੱਲ ਨਹੀਂ ਪਰ ਢੀਂਡਸਾ ਪਿਉ-ਪੁੱਤ ਅਕਾਲੀ ਦਲ ਨੂੰ ਛੱਡਣ ਦਾ ਬਹਾਨਾ ਲੱਭ ਰਹੇ ਹਨ। ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ ਬੇਅਦਬੀ ਦੀਆਂ ਘਟਨਾਵਾਂ ਨੂੰ ਕਾਰਣ ਆਖਦੇ ਹਨ ਪਰ ਅਸਲ ਗੱਲ ਅਕਾਲੀ ਦਲ ਦੀ ਹੋਈ ਪਤਲੀ ਹਾਲਤ ਕਾਰਣ ਅਕਾਲੀ ਦਲ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ।



ਬੀਬੀ ਭੱਠਲ ਨੇ ਕਿਹਾ ਕਿ ਜਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਹਨ ਤਾਂ ਉਹ ਪਾਰਟੀ ਦੀ ਟਿਕਟ ਲੈ ਕੇ ਵਿਧਾਇਕ ਬਣੇ ਹਨ ਅਤੇ ਉਨ੍ਹਾਂ ਨੂੰ ਇਖਲਾਕੀ ਤੌਰ 'ਤੇ ਸਾਰੇ ਅਹੁਦਿਆਂ ਤੋਂ ਵੀ ਅਸਤੀਫੇ ਦੇਣੇ ਚਾਹੀਦੇ ਹਨ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਬਿਆਨ ਸਬੰਧੀ ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਵੱਡੀ ਪਾਰਟੀ ਹੈ ਅਤੇ ਕਈ ਵਾਰ ਆਪਸੀ ਮਤਭੇਦ ਹੋ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਸਮਝਾ ਕੇ ਦੂਰ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲਦਾ ਸੀ, ਉਨ੍ਹਾਂ ਨੂੰ ਅੰਡਰ ਗਰਾਊਂਡ ਪਾਈਪਾਂ ਨਾਲ ਪਾਣੀ ਪਹੁੰਚਾਇਆ ਗਿਆ ਹੈ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ 7 ਪ੍ਰਾਜੈਕਟ ਪੂਰੇ ਕੀਤੇ ਗਏ ਹਨ ਅਤੇ 9 ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ।

ਇਸ ਮੌਕੇ ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਹੈਨਰੀ, ਪੰਜਾਬ ਕਾਂਗਰਸ ਦੇ ਜਥੇਬੰਦਕ ਸਕੱਤਰ ਸੋਮਨਾਥ ਸਿੰਗਲਾ, ਬਲਾਕ ਕਾਂਗਰਸ ਪ੍ਰਧਾਨ ਰਜੇਸ਼ ਭੋਲਾ, ਸੰਜੀਵ ਹਨੀ ਆਦਿ ਹਾਜ਼ਰ ਸਨ।

cherry

This news is Content Editor cherry