ਲੈਕਚਰਾਰ ਦੀ ਮੌਤ ਨੇ ਸਕੂਲ ’ਚ ਪੈਦਾ ਕੀਤਾ ਕੋਰੋਨਾ ਦਾ ਖੌਫ! ਇਕ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ

03/02/2021 11:21:21 AM

ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨਾਲ ਸਬੰਧਤ ਇਕ ਅਧਿਆਪਕ ਦੀ ਮੌਤ ਹੋਣ ਦੇ ਬਾਅਦ ਇਸ ਸਕੂਲ ਦੇ ਸਟਾਫ਼ ਅਤੇ ਬੱਚਿਆਂ ’ਚ ਕੋਰੋਨਾ ਦਾ ਖੌਫ਼ ਇਕ ਦਮ ਵਧ ਗਿਆ ਹੈ। ਬੇਸ਼ੱਕ ਉਕਤ ਲੈਕਚਰਾਰ ਦੇ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਨਹੀਂ ਹੋਈ ਤੇ ਸਿਰਫ਼ ਸ਼ੱਕ ਹੀ ਜ਼ਾਹਿਰ ਕੀਤਾ ਜਾ ਰਿਹਾ ਕਿ ਲੈਕਚਰਾਰ ਦੀ ਮੌਤ ਦਾ ਕਾਰਣ ਕੋਰੋਨਾ ਵੀ ਹੋ ਸਕਦਾ ਹੈ। ਲੈਕਚਰਾਰ ਦੇ ਹੋਰ ਪਰਿਵਾਰਕ ਮੈਂਬਰ ਵੀ ਪਾਜ਼ੇਟਿਵ ਪਾਏ ਜਾਣ ਅਤੇ ਇਸ ਸਕੂਲ ਦੇ ਇਕ ਹੋਰ ਲੈਕਚਰਾਰ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਣ ਸਕੂਲ ’ਚ ਇਕਦਮ ਚਿੰਤਾ ਦੀ ਲਹਿਰ ਦੀ ਵਧ ਗਈ ਹੈ। ਅਜਿਹੀ ਸਥਿਤੀ ’ਚ ਸਕੂਲ ਦੇ ਸਟਾਫ਼ ਤੋਂ ਇਲਾਵਾ ਕਈ ਬੱਚਿਆਂ ਦੇ ਮਾਪਿਆਂ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਉਹ ਵੀ ਕੋਰੋਨਾ ਤੋਂ ਪੀੜਤ ਨਾ ਹੋ ਗਏ ਹਨ।

ਅਜਿਹੀ ਸਥਿਤੀ ’ਚ ਸਿਹਤ ਵਿਭਾਗ ਨੇ ਹਰਕਤ ਵਿਚ ਆਉਂਦਿਆਂ ਅੱਜ ਸਕੂਲ ’ਚ ਸੈਂਪਲਿੰਗ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਿਰਫ਼ਫ 42 ਦੇ ਕਰੀਬ ਅਧਿਆਪਕਾਂ ਅਤੇ ਬੱਚਿਆਂ ਦੇ ਸੈਂਪਲ ਹੀ ਲਏ ਜਾਣ ਕਾਰਣ ਕਈ ਅਧਿਆਪਕ ਇਸ ਗੱਲ ਨੂੰ ਲੈ ਕੇ ਰੋਸ ਵੀ ਜ਼ਾਹਿਰ ਕਰ ਰਹੇ ਹਨ ਕਿ ਸੈਂਪਲਿੰਗ ਦਾ ਕੰਮ ਹੌਲੀ ਚਲ ਰਿਹਾ ਹੈ। ਸਿਹਤ ਵਿਭਾਗ ਵੱਲੋਂ ਅੱਜ ਪਹਿਲੇ ਦਿਨ ਸੈਂਪਲ ਲਏ ਜਾਣ ਦੇ ਬਾਅਦ ਆਉਣ ਵਾਲੇ 2 ਦਿਨ ਹੋਰ ਇਸ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਇਲਾਵਾ ਹੋਰ ਸਟਾਫ਼ ਦੇ ਸੈਂਪਲ ਲਏ ਜਾਣਗੇ। ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਵੀ ਸੈਂਪਲਿੰਗ ਸ਼ੁਰੂ ਕੀਤੀ ਜਾ ਰਹੀ ਹੈ।

ਸਕੂਲ ਪ੍ਰਿੰਸੀਪਲ ਸੀ. ਬੀ. ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸੈਨੇਟਾਈਜਰ ਅਤੇ ਮਾਸਕ ਦੀ ਵਰਤੋਂ ਕਰਨ ਲਈ ਪਹਿਲਾਂ ਹੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਟਾਫ਼ ਵੀ ਨਿਯਮਾਂ ਦੀ ਪਾਲਣਾ ਯਕੀਨੀ ਬਣਾ ਰਿਹਾ ਹੈ। ਸੈਂਪਲਿੰਗ ਲਈ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਅੱਜ ਸਕੂਲ ਦੇ ਇਕ ਹੋਰ ਲੈਕਚਰਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੇ ਬਾਅਦ ਉਹ ਯਕੀਨੀ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ ਕਿ ਸਕੂਲ ’ਚ ਵਾਇਰਸ ਦੇ ਫੈਲਾਅ ਨੂੰ ਰੋਕਣ ਸਬੰਧੀ ਕੋਈ ਲਾਪਰਵਾਹੀ ਨਾ ਹੋਵੇ।

‘ਅਧਿਆਪਕ ਦੀ ਮੌਤ ਸਬੰਧੀ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਸ ਦੀ ਮੌਤ ਕੋਰੋਨਾ ਤੋਂ ਪੀੜਤ ਕਰ ਕੇ ਹੋਈ ਹੈ ਪਰ ਫਿਰ ਵੀ ਸਾਵਧਾਨੀ ਵਰਤਦੇ ਹੋਏ ਸਿਹਤ ਵਿਭਾਗ ਨੇ ਸੈਂਪਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਵੀ ਸਕੂਲ ਅੰਦਰ ਸੈਂਪਲ ਲਏ ਜਾਣਗੇ। ਉਨ੍ਹਾਂ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਪੈਨਿਕ ਨਾ ਹੋਣ ਪਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਮਾਸਕ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਅਤੇ ਕਿਸੇ ਸੈਨੇਟਾਈਜਰ ਦੀ ਵਰਤੋਂ ਕਰਨ ਸਮੇਤ ਸੋਸ਼ਲ ਡਿਸਟੈਂਸ ਦੀ ਪਾਲਣਾ ਵੀ ਯਕੀਨੀ ਬਣਾਈ ਜਾ ਸਕੇ।’ 
ਐੱਸ. ਐੱਮ. ਓ. ਡਾ. ਚੇਤਨਾ 

rajwinder kaur

This news is Content Editor rajwinder kaur