ਲੈਦਰ ਟੈਨਰੀਜ਼ ਸੰਚਾਲਕ ਹਾਈ ਕੋਰਟ ਦੇ ਹੁਕਮਾਂ ਖਿਲਾਫ ਜਾਣਗੇ ਸੁਪਰੀਮ ਕੋਰਟ

11/05/2019 3:30:28 PM

ਜਲੰਧਰ (ਬੁਲੰਦ)— ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲੈਦਰ ਕੰਪਲੈਕਸ ਦੀਆਂ ਸਾਰੀਆਂ ਟੈਨਰੀਜ਼ ਦੇ ਬਿਜਲੀ ਕੁਨੈਕਸ਼ਨ ਕਟਵਾਉਣ ਤੋਂ ਬਾਅਦ ਹੁਣ ਤੱਕ ਲੈਦਰ ਕੰਪਲੈਕਸ ਦਾ ਕੰਮ ਠੱਪ ਹੋਇਆ ਪਿਆ ਹੈ। ਬਿਜਲੀ ਬੰਦ ਹੋਣ ਕਾਰਨ ਵਾਟਰ ਕੁਨੈਕਸ਼ਨ ਵੀ ਪ੍ਰਭਾਵਿਤ ਹੋਏ ਹਨ। ਲੇਬਰ ਨੂੰ ਹਨੇਰੇ 'ਚ ਕੰਮ ਕਰਨਾ ਪੈ ਰਿਹਾ ਹੈ। ਪਾਣੀ ਦੀ ਸਮੱਸਿਆ ਕਾਰਨ ਪਲਾਂਟੇਸ਼ਨ ਵੀ ਪ੍ਰਭਾਵਿਤ ਹੋ ਰਹੀ ਹੈ। ਜਨਰੇਟਰ ਵੀ ਸੀਲ ਕਰ ਦਿੱਤੇ ਗਏ ਹਨ, ਜਿਸ ਕਾਰਨ ਲੈਦਰ ਕੰਪਲੈਕਸ ਦੀਆਂ ਯੂਨਿਟਾਂ 'ਚ ਛੋਟਾ ਮੋਟਾ ਕੰਮ ਵੀ ਨਹੀਂ ਹੋ ਰਿਹਾ। ਸੰਚਾਲਕਾਂ ਨੂੰ ਟੈਕਸ ਅਤੇ ਈ-ਵੇ ਬਿਲਿੰਗ ਲਈ ਬਾਹਰ ਤੋਂ ਕੰਮ ਕਰਵਾਉਣਾ ਪੈ ਰਿਹਾ ਹੈ।

ਹੁਣ ਜਾਣਕਾਰਾਂ ਦੀ ਮੰਨੀਏ ਤਾਂ ਹਾਈ ਕੋਰਟ ਦੇ ਹੁਕਮਾਂ ਖਿਲਾਫ ਪੰਜਾਬ ਲੈਦਰ ਫੈੱਡਰੇਸ਼ਨ ਸੁਪਰੀਮ ਕੋਰਟ ਜਾਣ ਦੀ ਤਿਆਰੀ ਵਿਚ ਹੈ। ਪਿਛਲੇ ਕਈ ਦਿਨਾਂ ਤੋਂ ਚਮੜੇ ਨਾਲ ਸਬੰਧਿਤ ਸਾਰੇ ਕੰਮ ਬੰਦ ਹੋਣ ਕਾਰਨ ਇਸ ਇੰਡਸਟਰੀ ਨੂੰ ਕਰੋੜਾਂ ਦਾ ਘਾਟਾ ਹੋ ਰਿਹਾ ਹੈ ਤੇ ਕਈਆਂ ਦੇ ਆਰਡਰ ਰੱਦ ਹੋ ਗਏ ਹਨ।

ਪੀ. ਐੱਲ. ਐੱਫ. ਤੇ ਪੀ. ਈ. ਟੀ. ਐੱਸ. ਦਾ ਚੋਣ ਕੇਸ ਬਣਿਆ ਗਲੇ ਦੀ ਹੱਡੀ
ਉਧਰ ਸਾਰੇ ਕੇਸ ਦੇ ਪਿਛੋਕੜ 'ਚ ਜਾਈਏ ਤਾਂ ਪਤਾ ਲੱਗਦਾ ਹੈ ਕਿ ਲੈਦਰ ਕੰਪਲੈਕਸ 'ਚ ਚੱਲ ਰਹੇ ਆਪਸੀ ਇਲੈਕਸ਼ਨ ਦੇ ਅਦਾਲਤੀ ਕੇਸ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਅਸਲ ਵਿਚ ਹਾਈ ਕੋਰਟ ਵਿਚ ਜਾ ਕੇ ਆਈ. ਪੀ. ਏ. ਦਾ ਰੂਪ ਲੈ ਗਈ, ਜਿਸ 'ਚ ਅਦਾਲਤ ਵਿਚ ਪੰਜਾਬ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੇ ਇਹ ਕਿਹਾ ਕਿ ਅਸਲ 'ਚ ਟੈਨਰੀਜ਼ ਵਾਲੇ ਆਪਣੇ ਪਾਣੀ ਨੂੰ ਸਹੀ ਢੰਗ ਨਾਲ ਟਰੀਟ ਨਹੀਂ ਕਰਦੇ ਤੇ ਨਾ ਹੀ ਟਰੀਟਮੈਂਟ ਪਲਾਂਟ ਦੀ ਸਹੀ ਤਰੀਕੇ ਨਾਲ ਸਰਵਿਸਿੰਗ ਹੁੰਦੀ ਹੈ, ਜਿਸ ਕਾਰਨ ਕਾਲਾ ਸੰਘਿਆਂ ਡਰੇਨ 'ਚੋਂ ਗੰਦਾ ਪਾਣੀ ਡਿੱਗਦਾ ਹੈ ਤੇ ਪ੍ਰਦੂਸ਼ਣ ਫੈਲਦਾ ਹੈ।
ਵਿਭਾਗ ਦੇ ਅਧਿਕਾਰੀਆਂ ਨੇ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਲੈਦਰ ਟੈਨਰੀਜ਼ ਯੂਨਿਟ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੇ, ਜਿਸ ਤੋਂ ਬਾਅਦ ਹਾਈ ਕੋਰਟ ਨੇ ਸਖਤੀ ਦਿਖਾਉਂਦਿਆਂ ਹੁਕਮ ਜਾਰੀ ਕੀਤਾ ਕਿ ਜਦੋਂ ਤਕ ਲੈਦਰ ਟੈਨਰੀਜ਼ ਇਨਵਾਇਰਨਮੈਂਟ ਪ੍ਰੋਟੈਕਸ਼ਨ ਰੂਲਜ਼ 1986 ਦੇ ਸ਼ਡਿਊਲ 1(16) ਤੇ ਵਾਟਰ ਪ੍ਰੀਵੈਂਸ਼ਨ ਐਂਡ ਕੰਟ ਰੋਲ ਆਫ ਪਾਲਿਊਸ਼ਨ ਐਕਟ 1974 ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰਦੀਆਂ ਤਦ ਤਕ ਇਨ੍ਹਾਂ ਦਾ ਕੰਮ ਬੰਦ ਕਰਵਾ ਦਿੱਤਾ ਜਾਵੇ। ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਡੀ. ਸੀ. ਜਲੰਧਰ ਨੂੰ ਹੁਕਮ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਬੀਤੇ ਦਿਨ ਸਾਰੀਆਂ ਟੈਨਰੀਜ਼ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ।

ਪ੍ਰਦੂਸ਼ਣ ਹੋ ਰਿਹਾ ਸੀ ਤਾਂ ਕਾਰਵਾਈ ਹੋਣੀ ਹੀ ਸੀ : ਪ੍ਰਦੂਸ਼ਣ ਕੰਟਰੋਲ ਬੋਰਡ
ਮਾਮਲੇ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਲੈਦਰ ਕੰਪਲੈਕਸ ਦੇ ਟੈਨਰੀਜ਼ ਸੰਚਾਲਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰੋ ਪਰ ਲਗਾਤਾਰ ਲਾਪ੍ਰਵਾਹੀ ਕੀਤੀ ਜਾ ਰਹੀ ਸੀ, ਜਿਸ ਕਾਰਨ ਹਾਈ ਕੋਰਟ ਨੂੰ ਸਖਤ ਐਕਸ਼ਨ ਲੈਣਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਹਾਈ ਕੋਰਟ 'ਚ ਉਹ ਹੀ ਕਿਹਾ ਗਿਆ ਸੀ, ਜੋ ਸਹੀ ਸੀ, ਇਸ ਦੇ ਲਈ ਵਿਭਾਗ 'ਤੇ ਦੋਸ਼ ਲਾਉਣੇ ਗਲਤ ਹਨ। ਉਨ੍ਹਾਂ ਕਿਹਾ ਕਿ ਵਿਵਾਦ ਤਾਂ ਪੀ. ਐੈੱਲ. ਐੱਫ. ਤੇ ਪੇਟਸ ਦਾ ਆਪਸੀ ਚੋਣਾਂ ਸਬੰਧੀ ਸੀ ਪਰ ਇਸ ਦੌਰਾਨ ਪਤਾ ਲੱਗਾ ਕਿ ਇਸ ਵਿਚ ਸੀ. ਈ. ਟੀ. ਪੀ. ਦੀ ਸਹੀ ਵਰਤੋਂ ਨਹੀਂ ਹੋਈ, ਜਿਸ ਕਾਰਨ ਕੋਰਟ ਨੇ ਕੇਸ ਐੱਲ. ਪੀ. ਏ. ਕਰ ਦਿੱਤਾ ਤੇ ਸਾਰੇ ਕੇਸ ਵਿਚ ਪ੍ਰਦੂਸ਼ਣ ਨੂੰ ਮੁੱਦਾ ਬਣਾ ਕੇ ਸਖਤ ਫੈਸਲਾ ਸੁਣਾਇਆ ਗਿਆ।

ਟੈਨਰੀਜ਼ ਸੰਚਾਲਕਾਂ ਨੂੰ ਇਨਸਾਫ ਨਹੀਂ ਮਿਲਿਆ : ਚੇਅਰਮੈਨ
ਮਾਮਲੇ ਬਾਰੇ ਪੰਜਾਬ ਲੈਦਰ ਫੈੱਡਰੇਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਕੋਰਟ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹਾਈ ਕੋਰਟ ਵਿਚ ਟੈਨਰੀਜ਼ ਸੰਚਾਲਕਾਂ ਦਾ ਸਹੀ ਪੱਖ ਪੇਸ਼ ਨਹੀਂ ਕੀਤਾ ਗਿਆ ਤੇ ਸਾਰਾ ਦੋਸ਼ ਟੈਨਰੀਜ਼ ਦੇ ਸਿਰ ਮੜ੍ਹਿਆ ਗਿਆ, ਜਿਸ ਕਾਰਨ ਕੋਰਟ ਨੇ ਸਖਤ ਰੁਖ ਅਪਣਾਇਆ। ਸੰਧੂ ਨੇ ਕਿਹਾ ਕਿ ਲੈਦਰ ਕੰਪਲੈਕਸ ਦਾ ਸਾਰਾ ਪਾਣੀ ਟਰੀਟ ਹੋਣ ਤੋਂ ਬਾਅਦ ਹੀ ਡਰੇਨ ਵਿਚ ਡਿੱਗਦਾ ਹੈ। ਇਸ ਬਾਰੇ ਕੋਰਟ ਦੇ ਹੁਕਮਾਂ ਤੋਂ ਦੋ ਦਿਨ ਪਹਿਲਾਂ ਹੀ ਸੀ. ਈ. ਟੀ. ਪੀ. ਦੇ ਪਾਣੀ ਦੇ ਸਾਰੇ ਟੈਸਟ ਸਹੀ ਪਾਏ ਗਏ ਸਨ ਪਰ ਸਾਰੇ ਸ਼ਹਿਰ ਦਾ ਜੋ ਪਾਣੀ ਸੀਵਰੇਜ ਦੇ ਜ਼ਰੀਏ ਡਰੇਨ ਵਿਚ ਡਿੱਗਦਾ ਹੈ ਉਸ ਨੂੰ ਕੋਈ ਨਹੀਂ ਵੇਖ ਰਿਹਾ। ਘਰਾਂ ਤੋਂ ਨਿਕਲਣ ਵਾਲਾ ਸੀਵਰੇਜ ਦਾ ਪਾਣੀ ਵੀ ਕਈ ਤਰ੍ਹਾਂ ਦੇ ਕੈਮੀਕਲ ਵਾਲਾ ਹੁੰਦਾ ਹੈ, ਜਿਸ ਨਾਲ ਡਰੇਨ ਦਾ ਪਾਣੀ ਗੰਦਾ ਹੋ ਰਿਹਾ ਹੈ ਪਰ ਲੈਦਰ ਕੰਪਲੈਕਸ 'ਤੇ ਬਿਨਾਂ ਕਾਰਨ ਹੀ ਐਕਸ਼ਨ ਲਿਆ ਜਾ ਰਿਹਾ ਹੈ। 4 ਦਿਨਾਂ ਤੋਂ ਸਾਰੀਆਂ ਟੈਨਰੀਜ਼ ਬੰਦ ਹਨ ਤਾਂ ਕੀ 4 ਦਿਨਾਂ ਵਿਚ ਡਰੇਨ ਦਾ ਪਾਣੀ ਸਾਫ ਹੋ ਗਿਆ ਹੈ? ਜੋ ਅਸਲ ਕਾਰਨ ਹੈ ਉਨ੍ਹਾਂ ਨੂੰ ਲੁਕੋ ਕੇ ਲੈਦਰ ਕੰਪਲੈਕਸ ਦੀਆਂ ਟੈਨਰੀਜ਼ 'ਤੇ ਦੋਸ਼ ਲਾਉਣਾ ਗਲਤ ਹੈ।

ਸੰਧੂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਕੁਨੈਕਸ਼ਨ ਕੱਟਣੇ ਹਨ ਤਾਂ ਫਿਰ ਪਾਣੀ ਵਾਲੀਆਂ ਇਕਾਈਆਂ ਦੇ ਕੱਟਦੇ ਪਰ ਇੰਨਾ ਧੱਕਾ ਕੀਤਾ ਗਿਆ ਕਿ ਡਰਾਈ ਇਕਾਈਆਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ। ਟੈਨਰੀਜ਼ ਵਿਚ ਬਲੈਕ ਆਊਟ ਹੋ ਚੁੱਕਾ ਹੈ। ਜੋ ਲੇਬਰ ਫੈਕਟਰੀਆਂ ਵਿਚ ਰਹਿੰਦੀ ਹੈ, ਪਾਣੀ ਨਹੀਂ ਆ ਰਿਹਾ। ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਜਾਣ ਵਿਚ ਮੁਸ਼ਕਲ ਆ ਰਹੀ ਹੈ। ਕੁਝ ਦਿਨਾਂ 'ਚ ਕਰੋੜਾਂ ਰੁਪਏ ਦਾ ਟੈਨਰੀਜ਼ ਸੰਚਾਲਕਾਂ ਦਾ ਨੁਕਸਾਨ ਹੋ ਗਿਆ ਹੈ, ਜਿਸ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਟੈਨਰੀਜ਼ ਨੂੰ ਐੱਨ. ਓ. ਸੀ. ਕੰਸੈਂਟ ਦਿੱਤੀ ਗਈ ਤਾਂ ਉਸ ਵਿਚ ਲਿਖਿਆ ਸੀ ਕਿ ਉਹ ਨਾਰਮਲ ਕੰਸੈਂਂਟ ਹੈ ਤੇ ਇਸ ਵਿਚ ਕਿਸੇ ਤਰ੍ਹਾਂ ਦੇ ਨਿਯਮ ਬਾਊਂਡ ਨਹੀਂ ਹਨ ਅਤੇ ਜਿਨ੍ਹਾਂ ਨਿਯਮਾਂ ਦਾ ਹਵਾਲਾ ਦੇ ਕੇ ਟੈਨਰੀਜ਼ ਦੇ ਕੁਨੈਕਸ਼ਨ ਕੱਟੇ ਹਨ, ਉਹ ਤਾਂ ਉਨ੍ਹਾਂ 'ਤੇ ਲਾਗੂ ਵੀ ਨਹੀਂ ਹੁੰਦੇ।
ਉਥੇ ਲੈਦਰ ਕੰਪਲੈਕਸ ਦੇ ਕੁਝ ਹੋਰ ਟੈਨਰੀਜ਼ ਸੰਚਾਲਕਾਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਇਸ ਹੁਕਮ ਦੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਾਰਟੀ ਬਣਾਇਆ ਜਾਵੇਗਾ। ਸਰਕਾਰ ਕੋਲ ਅਪੀਲ ਕੀਤੀ ਜਾਵੇਗੀ ਕਿ ਇਕ ਟੀਮ ਬਣਾ ਕੇ ਲੈਦਰ ਕੰਪਲੈਕਸ ਦੇ ਸੀ. ਈ. ਟੀ. ਪੀ. ਦੀ ਅੱਪਗ੍ਰੇਡੇਸ਼ਨ ਬਾਰੇ ਯੋਜਨਾ ਬਣਾਈ ਜਾਵੇ ਅਤੇ ਕਾਲਾ ਸੰਘਿਆਂ ਡਰੇਨ 'ਚ ਕਿੱਥੋਂ ਗੰਦਾ ਪਾਣੀ ਡਿੱਗ ਰਿਹਾ ਹੈ, ਇਸ ਦੀ ਵੀ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆਂ ਡਰੇਨ ਵਿਚ ਬੰਨ੍ਹ ਲਾਇਆ ਸੀ ਤਾਂ ਉਨ੍ਹਾਂ ਵੀ ਲੈਦਰ ਕੰਪਲੈਕਸ ਦੇ ਪਾਣੀ ਦੀ ਨਿਕਾਸੀ ਬੰਦ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਥੋਂ ਦਾ ਸਾਰਾ ਪਾਣੀ ਟਰੀਟ ਹੋ ਕੇ ਹੀ ਡਰੇਨ ਵਿਚ ਡਿੱਗਦਾ ਹੈ।

shivani attri

This news is Content Editor shivani attri