ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਦੋ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ

05/06/2022 9:24:16 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ , ਖੁਰਾਣਾ) : ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ. ਨਿੰਬਾਲੇ ਆਈ.ਪੀ.ਐੱਸ ਦੀ ਅਗਵਾਈ ’ਚ ਬੀਤੇ ਕੱਲ ਇਕ ਠੋਸ ਇਤਲਾਹ ਤੇ ਪੁਲਸ ਨੇ ਕਾਰਵਾਈ ਕਰਦਿਆਂ ਸਥਾਨਕ ਸੀ.ਆਈ.ਏ (ਕਰਾਈਮ ਬ੍ਰਾਂਚ) ਦੀ ਇਕ ਵਿਸ਼ੇਸ਼ ਪੁਲਸ ਪਾਰਟੀ ਜਿਸ ਦੀ ਅਗਵਾਈ ਐੱਸ.ਆਈ ਸੂਰਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਦੀਆਂ ਕੋਸ਼ਿਸ਼ਾਂ ਸਦਕਾ ਦੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਜੋ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਦੇ ਨਾਮ ਗੁਰਪ੍ਰੀਤ ਸਿੰਘ ਉਰਫ ਸੋਨੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੋਟਲੀ ਸੰਘਰ ਥਾਣਾ ਬਰੀਵਾਲਾ ਅਤੇ ਸੁਧੀਰ ਭੱਟੀ ਪੁੱਤਰ ਨੰਦ ਲਾਲ ਵਾਸੀ ਚੱਕ ਖੁੱਬਣ ਥਾਣਾ ਸਦਰ ਹਨੂੰਮਾਨਗੜ੍ਹ (ਰਾਜਸਥਾਨ) ਹਨ। ਇਨ੍ਹਾਂ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਪਾਸੋਂ ਇਕ ਪਸਤੌਲ ਦੇਸੀ ਕੱਟਾ 315 ਬੋਰ ਸਮੇਤ ਪੰਜ ਜਿੰਦਾ ਕਾਰਤੂਤ, ਇਕ ਮੋਬਾਈਲ ਮਾਰਕਾ ਵੀਵੋ ਕੰਪਨੀ, ਇਕ ਮੋਬਾਈਲ ਮਾਰਕਾ ਓਪੋ ਕੰਪਨੀ ਅਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਸ਼ਰਮਨਾਕ ਘਟਨਾ, ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ, ਨੌਜਵਾਨ ਨੇ ਬੁਲਾ ਕੇ ਦੋਸਤਾਂ ਅੱਗੇ ਪਰੋਸਿਆ

ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਪਾਸੋਂ ਮਿਲੇ ਮੋਬਾਈਲਾਂ ਵਿਚ ਵਿਦੇਸ਼ੀ ਨੰਬਰ ਵੀ ਚੱਲਦੇ ਰਹੇ ਸਨ ਅਤੇ ਇਹ ਸ਼ੱਕੀ ਵਿਅਕਤੀ, ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਸਬੰਧਤ ਹਨ ਅਤੇ ਉਸਦੇ ਗਰੁੱਪ ਲਈ ਆਪਣੇ ਮੋਬਾਈਲਾਂ ਤੋਂ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰਦੇ ਹੋਏ ਵਟਸਐਂਪ ਕਾਲਾਂ ਰਾਹੀ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਹਾਸਿਲ ਕਰਦੇ ਸਨ। ਹੁਣ ਵੀ ਇਨ੍ਹਾਂ ਵਲੋਂ ਮੰਗੀ ਫਿਰੌਤੀ ਨੂੰ ਹਾਸਿਲ ਕਰਨ ਲਈ ਇਹ ਆਪਣੇ ਬਿਨਾਂ ਨੰਬਰੀ ਮੋਟਰਸਾਇਕਲ ’ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ, ਜੋ ਜ਼ਿਲ੍ਹਾ ਪੁਲਸ ਵਲੋਂ ਬਣਾਏ ਗਏ ਜਾਲ ਵਿਚ ਫਸਾ ਕੇ ਕਾਬੂ ਕਰ ਲਏ ਹਨ। ਮੁਲਜ਼ਮਾਂ ਵਿਰੱਧ ਥਾਣਾ ਬਰੀਵਾਲਾ ਵਿਖੇ ਮੁਕੱਦਮਾਂ ਦਰਜ ਕਰਕੇ ਇਨ੍ਹਾਂ ਨੂੰ ਬਕਾਇਦਾ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲਸ ਵੱਲੋਂ ਮੁਲਜ਼ਮਾਂ ਤੋਂ ਸਖ਼ਤੀ ਅਤੇ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਤੋਂ ਖੁਲਾਸੇ ਹੋ ਸਕਣ।

ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News