ਕੋਟਕਪੂਰਾ ਗੈਂਗਵਾਰ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ

07/11/2021 11:06:23 PM

ਫ਼ਰੀਦਕੋਟ (ਰਾਜਨ) : ਫ਼ਰੀਦਕੋਟ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਖ਼ਤਰਨਾਕ ਗੈਂਗਸਟਰ ਮਨਪ੍ਰੀਤ ਸਿੰਘ ਚਾਹਲ ਅਤੇ ਇਸਦੇ ਸਾਥੀ ਮਅੰਕ ਯਾਦਵ ਨੂੰ ਵਿਦੇਸ਼ੀ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਸੀ.ਆਈ.ਏ. ਸਟਾਫ਼ ਵਿਖੇ ਪ੍ਰੈੱਸ ਕਾਨਫੰਰਸ ਦੌਰਾਨ ਬਾਲ ਕ੍ਰਿਸ਼ਨ ਸਿੰਗਲਾ ਐੱਸ.ਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਸੀ.ਆਈ.ਏ ਸਟਾਫ਼ ਜੈਤੋ ਦੇ ਵਿਸ਼ੇਸ਼ ਉੱਦਮ ਸਦਕਾ ਇਕ ਖ਼ਤਰਨਾਕ ਗੈਂਗਸਟਰ ਮਨਪ੍ਰੀਤ ਸਿੰਘ ਚਾਹਲ ਅਤੇ ਇਸਦੇ ਸਾਥੀ ਮਅੰਕ ਯਾਦਵ ਨੂੰ ਇਕ ਵਿਦੇਸ਼ੀ ਪਿਸਟਲ 9 ਐੱਮ.ਐੱਮ ਐਟਾਮੈਟਿਕ ਅਤੇ 15 ਜ਼ਿੰਦਾ ਕਾਰਤੂਸਾਂ ਸਮੇਤ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਇਹ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਠਿੰਡਾ ਤੋਂ ਕੋਟਕਪੂਰਾ ਵੱਲ ਆ ਰਹੇ ਸਨ। ਇਸ ਮੌਕੇ ਅੰਮ੍ਰਿਤਪਾਲ ਸਿੰਘ ਭਾਟੀ ਇੰਚਾਰਜ ਸੀ.ਆਈ.ਏ ਸਟਾਫ਼ ਫ਼ਰੀਦਕੋਟ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਗੰਨਮੈਨ ਨੇ ਦਿਖਾਈ ਪਿਸਤੌਲ, ਆਪੇ ਤੋਂ ਬਾਹਰ ਹੋਏ ਕਿਸਾਨ ਨੇ ਕੀਤਾ ਹਮਲਾ

ਐੱਸ.ਪੀ. ਸਿੰਗਲਾ ਨੇ ਵੇਰਵੇ ਸਹਿਤ ਦੱਸਿਆ ਕਿ ਗੈਂਗਸਟਰ ਮਨਪ੍ਰੀਤ ਸਿੰਘ ਚਹਿਲ ਸਾਲ ਬੀਤੀ 22 ਜੂਨ 2021 ਨੂੰ ਕੋਟਕਪੂਰਾ ਵਿਖੇ ਹੋਈ ਗੈਂਗਵਾਰ ਵਿਚ ਵੀ ਸ਼ਾਮਲ ਸੀ ਅਤੇ ਇਹ ਵਾਰਦਾਤ ਅੰਜਾਮ ਦੇਣ ਤੋਂ ਪਹਿਲਾਂ ਸਾਥੀਆਂ ਸਮੇਤ ਆਪਣੇ ਖੇਤਾਂ ਵਿਚ ਮੋਟਰ ਵਾਲੇ ਕੋਠੇ ’ਚ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਜਦ ਸੀ. ਆਈ. ਏ ਸਟਾਫ਼ ਜੈਤੋ ਮੁਖੀ ਦਲਬੀਰ ਸਿੰਘ ਅਤੇ ਏ.ਐੱਸ.ਆਈ ਜਸਵੀਰ ਸਿੰਘ ਨੇ ਸਾਥੀ ਪੁਲਸ ਕਰਮਚਾਰੀਆਂ ਸਮੇਤ ਜੈਤੋ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਕਤ ਦੋਸ਼ੀਆਂ ਨੂੰ ਮੋਟਰਸਾਈਕਲ ਨੰਬਰ ਪੀ.ਬੀ. 03-ਬੀ ਏ-9636 ਪਲਟੀਨਾ ਰੰਗ ਕਾਲਾ ’ਤੇ ਬਠਿੰਡਾ ਵਾਲੇ ਪਾਸਿਓ ਆਉਂਦਿਆਂ ਰੋਕ ਕੇ ਜਦੋਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਮਅੰਕ ਯਾਦਵ ਪੁੱਤਰ ਅਸ਼ਵਨੀ ਯਾਦਵ ਵਾਸੀ ਪਰਸ ਰਾਮ ਨਗਰ ਬਠਿੰਡਾ ਦੇ ਪਾਏ ਲੋਅਰ ਦੀ ਜੇਬ੍ਹ ਵਿਚੋਂ 7 ਜ਼ਿੰਦਾ ਰੌਂਦ ਅਤੇ ਮਨਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਵਾਰਡ ਨੰਬਰ-2, ਫ਼ੂਲ ਜ਼ਿਲ੍ਹਾ ਬਠਿੰਡਾ ਦੀ ਡੱਬ ਵਿਚੋਂ ਵਿਦੇਸ਼ੀ ਆਟੋਮੈਟਿਕ ਪਿਸਟਲ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮਨਪ੍ਰੀਤ ਸਿੰਘ ਜੋ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ ਨੇ ਮੰਨਿਆ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੀਤੀ 22 ਜੂਨ ਨੂੰ ਕੋਟਕਪੂਰਾ ਵਿਖੇ ਕੀਤੀ ਗੈਂਗਵਾਰ ਵਿਚ ਆਪਣੇ ਸਾਥੀ ਕ੍ਰਿਸ਼ਨ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ 25-30 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਪਰਿਵਾਰ ਨੇ ਕਿਹਾ ਕੀਤਾ ਜਾਵੇ ਡਿਪੋਰਟ

ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਹ ਦੋਵੇਂ ਦੋਸ਼ੀ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਲਈ ਗੋਲਡੀ ਬਰਾੜ ਵਾਸੀ ਕੈਨੇਡਾ ਦੇ ਕਹਿਣ ’ਤੇ ਰਵੈਲ ਸਿੰਘ ਵਾਸੀ ਵਾੜਾ ਦੜਾਕਾ ਦਾ ਕਤਲ ਲਈ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਪਿਸਟਲ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਅਤੇ ਇਹ ਪਿਸਟਲ ਇਨ੍ਹਾਂ ਕਿੱਥੋਂ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ’ਤੇ ਥਾਣਾ ਬਲਿਆਂਵਾਲੀ ਅਤੇ ਬਠਿੰਡਾ ਵਿਖੇ ਪਹਿਲਾਂ ਹੀ ਦੋ ਮੁਕੱਦਮੇਂ ਜਦਕਿ ਦੋਸ਼ੀ ਮਅੰਕ ਯਾਦਵ ’ਤੇ ਕੈਨਾਲ ਕਲੌਨੀ ਬਠਿੰਡਾ ਵਿਖੇ ਇਕ ਮੁਕੱਦਮਾ ਦਰਜ ਹੈ।

ਇਹ ਵੀ ਪੜ੍ਹੋ : 6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh