ਲੰਗਰ-ਪ੍ਰਸ਼ਾਦ ''ਤੇ ਰੋਕ ਦੇ ਫ਼ੈਸਲੇ ਖ਼ਿਲਾਫ਼ ਐੱਸ. ਜੀ. ਪੀ. ਸੀ. ਨੇ ਕੇਂਦਰ ਨੂੰ ਲਿਖ਼ੀ ਚਿੱਠੀ

06/08/2020 2:54:43 PM

ਪਟਿਆਲਾ (ਇੰਦਰਜੀਤ ਬਕਸ਼ੀ) : ਧਾਰਮਿਕ ਸਥਾਨਾਂ 'ਤੇ ਲੰਗਰ ਅਤੇ ਪ੍ਰਸ਼ਾਦ ਵਰਤਾਏ ਜਾਣ ਦੀ ਰੋਕ ਦੇ ਫੈਸਲੇ ਖ਼ਿਲਾਫ਼ ਐੱਸ. ਜੀ. ਪੀ. ਸੀ. ਵਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ। ਪਟਿਆਲਾ ਪਹੁੰਚੇ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰਸ਼ਾਦ ਦੇਣਾ ਅਤੇ ਲੰਗਰ ਦੀ ਵਿਵਸਥਾ ਸਿੱਖ ਧਰਮ ਦੀ ਮਰਿਆਦਾ ਵਿਚ ਹੈ ਅਤੇ ਗੁਰੂ ਸਾਹਿਬ ਨੇ ਵੀ ਪਹਿਲਾਂ ਲੰਗਰ ਛਕਣ ਦਾ ਹੁਕਮ ਦਿੱਤਾ ਸੀ। ਇਸ ਲਈ ਲੰਗਰ ਅਤੇ ਪ੍ਰਸ਼ਾਦ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹਨ, ਜਿਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਲਿਹਾਜ਼ਾ ਉਨ੍ਹਾਂ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਪਾਸੇ ਦੁਬਾਰਾ ਵਿਚਾਰ ਕਰਨ ਲਈ ਆਖਿਆ ਹੈ। 

ਇਸ ਦੇ ਨਾਲ ਖਾਲਿਸਤਾਨ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਲੱਗ ਰਹੇ ਦੋਸ਼ਾਂ 'ਤੇ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਕਿਹਾ ਕਿ ਉਨ੍ਹਾਂ 'ਤੇ ਪਹਿਲਾਂ ਵੀ ਕਈ ਦੋਸ਼ ਲੱਗ ਚੁੱਕੇ ਹਨ ਜਿਨ੍ਹਾਂ ਦੀ ਉਹ ਪ੍ਰਵਾਹ ਨਹੀਂ ਕਰਦੇ। ਸਵਾਲਾਂ ਦੇ ਜਵਾਬ ਦਿੰਦੇ ਹੋਏ ਲੌਂਗੋਵਾਲ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ 'ਤੇ ਸੈਨੇਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਕਾਇਦਾ ਬੋਰਡ ਲਗਾ ਕੇ ਸੰਗਤ ਨੂੰ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸਾਹਿਬ ਖੋਲ੍ਹੇ ਜਾਣ ਦੇ ਫ਼ੈਸਲੇ 'ਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। 

Gurminder Singh

This news is Content Editor Gurminder Singh