ਜ਼ਮੀਨੀ ਵਿਵਾਦ ਦੇ ਚਲਦਿਆਂ ਘਰ ਦੇ ਬਾਹਰ ਚਲਾਈਆਂ ਗੋਲੀਆਂ, ਪੀੜਤ ਨੇ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ

11/18/2017 2:36:44 PM

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) — ਪਿੰਡ ਸੁਰਸਿੰੰਘ ਦੇ ਨਿਵਾਸੀ ਅਰਜਨ ਸਿੰਘ ਪੁੱਤਰ ਕਰਨੈਲ ਸਿੰਘ ਨੇ ਸਥਾਨਕ ਨੌਜਵਾਨ ਤਲਵਿੰਦਰ ਸਿੰਘ ਵੱਲੋਂ ਸ਼ਰੇਆਮ ਉਸਦੇ ਘਰ ਉੱਪਰ ਗੋਲੀਆ ਚਲਾਉਣ ਤੇ ਵੀਰਵਾਰ ਨੂੰ ਉਸਦੀ ਬਾਸਮਤੀ ਦੀ ਫਸਲ ਨੂੰ ਵੱਢਣ ਤੋਂ ਜ਼ਬਰਦਸਤੀ ਰੋਕਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਕਿਸਾਨ ਅਰਜਨ ਸਿੰਘ ਦਾ ਕਹਿਣਾ ਸੀ ਕਿ ਉਸਦੇ ਪਿਓ-ਦਾਦੇ ਵੱਲੋ ਬਰਾਬਰ ਜ਼ਮੀਨ ਵੰਡ ਕੇ ਦਿੱਤੀ ਹੋਈ ਹੈ ਤੇ ਉਹ ਆਪਣੀ ਜ਼ਮੀਨ ਉੱਪਰ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਹਨ ਤੇ ਤਲਵਿੰਦਰ ਸਿੰਘ ਹੁਣ ਜਾਣਬੁਝ ਕੇ ਉਨ੍ਹਾਂ ਨਾਲ ਧੱਕੇਅਸ਼ਾਹੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ 1 ਨਵੰਬਰ ਨੂੰ ਉਸ ਦੇ ਘਰ ਕੋਲ ਆਣ ਕੇ ਤਲਵਿੰਦਰ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਬਾਰੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ। ਹੁਣ ਉਨ੍ਹਾਂ ਵੀਰਵਾਰ ਨੂੰ ਆਪਣੀ ਜ਼ਮੀਨ 'ਚ ਬੀਜੀ ਬਾਸਮਤੀ ਦੀ ਫਸਲ ਕੱਟਣੀ ਸ਼ੁਰੂ ਕੀਤੀ ਤਾਂ ਉਕਤ ਤਲਵਿੰਦਰ ਸਿੰਘ ਨੇ ਆਕੇ ਧੱਕੇਸ਼ਾਹੀ ਨਾਲ ਫਸਲ ਕੱਟਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਸਾਥੀਆ ਨਾਲ ਸਾਰੀ ਕੱਟੀ ਹੋਈ ਫਸਲ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪਹੁੰਚੀ ਪੁਲਸ ਉਨ੍ਹਾਂ ਦੀ ਕੱਟੀ ਹੋਈ ਫਸਲ ਨੂੰ ਇਕ ਟੈਂਪੂ 'ਚ ਲੱਧ ਕੇ ਪੁਲਸ ਚੌਂਕੀ ਸੁਰਸਿੰਘ ਵਿਖੇ ਲੈ ਗਈ। 


ਪੀੜਤ ਕਿਸਾਨ ਅਰਜਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ ਦੀ ਮੰਗ ਕਰਦਿਆਂ ਧੱਕੇਸ਼ਾਹੀਆਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ । 
ਇਸ ਸਬੰਧੀ ਜਦੋਂ ਤਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਸਦਾ ਕਹਿਣਾ ਸੀ ਕਿ ਕਾਗਜ਼ਾਂ ਅਨੁਸਾਰ ਇਸ ਜ਼ਮੀਨ 'ਚ ਉਸ ਦੇ ਪਿਤਾ ਜੀ ਦਾ ਹਿੱਸਾ ਬਣਦਾ ਹੈ। ਇਸ ਸਬੰਧੀ ਪੁਲਸ ਚੌਂਕੀ ਦੇ ਇੰਚਾਰਜ ਨਰਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ਦਾ ਝਗੜਾ ਹੋਣ ਦੇ ਡਰ ਤੋਂ ਪੁਲਸ ਪਾਰਟੀ ਨੇ ਮੌਕੇ ਦੀ ਨਜ਼ਾਕਤ ਵੇਖਦਿਆਂ ਬਾਸਮਤੀ ਪੁਲਸ ਚੌਕੀ ਵਿਖੇ ਲਿਆਂਦੀ ਸੀ ਹੁਣ ਪੜਤਾਲ ਉਪਰੰਤ ਜਿਸਦੀ ਸਾਬਿਤ ਹੋਈ ਉਸਨੂੰ ਦੇ ਦਿੱਤੀ ਜਾਵੇਗੀ।