ਪੰਜਾਬ ਪੁਲਸ ਦੇ ਥਾਣੇਦਾਰ ਨਾਲ ਵੱਜੀ ਲੱਖਾਂ ਰੁਪਏ ਦੀ ਠੱਗੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

06/22/2022 6:25:28 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੰਜਾਬ ਪੁਲਸ ਦੇ ਥਾਣੇਦਾਰ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਏ. ਟੀ. ਐੱਮ. ਕਾਰਡ ਬਦਲ ਕੇ ਬੈਂਕ ਖਾਤੇ ਵਿਚੋਂ 2.50 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਸੈੱਲ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਵੀਰ ਕੁਮਾਰ ਨਾਮਕ ਇਸ ਪੰਜਾਬ ਪੁਲਸ ਦੇ ਥਾਣੇਦਾਰ ਦੇ ਏ. ਟੀ. ਐੱਮ. ਕਾਰਡ ਵਿਚੋਂ ਜਿਸ ਸਵਾਈਪ ਮਸ਼ੀਨ ਰਾਹੀਂ ਪੈਸੇ ਕਢਵਾਏ ਗਏ ਹਨ, ਉਹ ਸਵਾਈਪ ਮਸ਼ੀਨ 197 ਕਮਯੁਨਿਕੇਸ਼ਨ ਦੇ ਨਾਂ ਤੇ ਜਾਰੀ ਕੀਤੀ ਗਈ ਹੈ ਜਿਸ ਦਾ ਮਾਲਕ ਨਿਰਵੈਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸਿਰਸਾ ਹਰਿਆਣਾ ਹੈ। ਇਸ ਲਈ ਮਾਮਲਾ ਨਿਰਵੈਰ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਵੀਰ ਕੁਮਾਰ ਵਾਸੀ ਦੀਨਾਨਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਜ਼ਿਲ੍ਹਾ ਪਠਾਨਕੋਟ ’ਚ ਪੰਜਾਬ ਪੁਲਸ ਵਿਚ ਨੌਕਰੀ ਕਰਦਾ ਹੈ। ਉਸ ਦਾ ਬੈਂਕ ਖਾਤਾ ਐੱਚ. ਡੀ. ਐੱਫ. ਸੀ. ਦੀ ਦੀਨਾਨਗਰ ਬ੍ਰਾਂਚ ਵਿਚ ਹੈ। ਉਸ ਦੇ ਖਾਤੇ ਵਿਚ 2 ਲੱਖ 67 ਹਜ਼ਾਰ ਰੁਪਏ ਜਮ੍ਹਾਂ ਸਨ। ਬੀਤੇ ਦਿਨੀਂ ਸਵੇਰੇ 10.30 ਵਜੇ ਉਹ ਦੀਨਾਨਗਰ ਦੇ ਐਕਸਿਸ ਬੈਂਕ ਦੇ ਏ. ਟੀ. ਐੱਮ. ਵਿੱਚੋਂ ਪੈਸੇ ਕਢਵਾ ਰਿਹਾ ਸੀ ਤਾਂ ਦੋ ਨਾਮਲੂਮ ਵਿਅਕਤੀ ਅਚਾਨਕ ਉਸਦੇ ਪਿੱਛੇ ਏ. ਟੀ. ਐੱਮ. ਦੇ ਅੰਦਰ ਆ ਗਏ ਅਤੇ ਜਦੋਂ ਉਸ ਨੇ ਆਪਣਾ ਕਾਰਡ ਮਸ਼ੀਨ ਵਿੱਚ ਪਾਇਆ ਅਤੇ ਪਾਸਵਰਡ ਲਗਾਇਆ ਤਾਂ ਇੱਕ ਆਦਮੀ ਉਸ ਨੂੰ ਕਹਿਣ ਲੱਗਾ ਕਿ ਤੁਹਾਡੇ ਕੋਡ ਦਾ ਚੌਥਾ ਅੱਖਰ ਮਸ਼ੀਨ ’ਤੇ ਸ਼ੋ ਨਹੀਂ ਹੋ ਰਿਹਾ ਅਤੇ ਆਪ ਪੈਸੇ ਕਢਵਾ ਕੇ ਦੇਣ ਦਾ ਝਾਂਸਾ ਦੇ ਕੇ ਉਸ ਦਾ ਏ. ਟੀ. ਐੱਮ. ਕਾਰਡ ਲੈ ਲਿਆ ਪਰ ਫਿਰ ਵੀ ਪੈਸੇ ਨਹੀਂ ਨਿਕਲੇ ਤਾਂ ਉਸ ਦਾ ਕਾਰਡ ਵਾਪਿਸ ਕਰ ਦਿੱਤਾ ਗਿਆ। ਪੀੜਤ ਏ. ਐੱਸ. ਆਈ. ਅਨੁਸਾਰ ਕੁਝ ਸਮੇਂ ਬਾਅਦ ਉਹ ਬੈਂਕ ਵਿਚ ਪੈਸੇ ਨਾ ਨਿਕਲਨ ਦਾ ਕਾਰਨ ਪੁੱਛਣ ਲਈ ਗਿਆ ਤਾਂ ਪਤਾ ਲੱਗਿਆ ਕਿ ਉਸਦੇ ਖਾਤੇ ਵਿਚੋਂ ਤਿੰਨ ਟਰਾਂਜ਼ੈਕਸ਼ਨਾ ਰਾਹੀਂ 2 ਲੱਖ 49 ਹਜ਼ਾਰ 997 ਰੁਪਏ ਸਵਾਈਪ ਮਸ਼ੀਨ ਰਾਹੀਂ ਕੱਢੇ ਗਏ ਹਨ। ਦਰਅਸਲ ਏ. ਟੀ. ਐੱਮ. ਵਿਚ ਆਏ ਵਿਅਕਤੀਆਂ ਵੱਲੋਂ ਉਸ ਦਾ ਕਾਰਡ ਬਦਲ ਕੇ ਸਵਾਈਪ ਮਸ਼ੀਨ ਰਾਹੀਂ ਪੈਸੇ ਕਢਵਾ ਲਏ ਗਏ ਸਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਸ਼ੂਟਰਾਂ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਇਸ ਸਬੰਧੀ ਜਦੋਂ ਡੀ. ਐੱਸ. ਪੀ. ਰਾਜਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਵੀਰ ਕੁਮਾਰ ਦੀ ਸ਼ਿਕਾਇਤ ’ਤੇ ਨਿਰਵੈਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸੰਤ ਨਗਰ ਸਿਰਸਾ ਹਰਿਆਣਾ ਅਤੇ ਦੋ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਜਦੋਂ ਏ. ਟੀ. ਐੱਮ ਅਤੇ ਸਕਿਓਰਿਟੀ ਗਾਰਡ ਨਾ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਵਲੋਂ ਬੈਂਕ ਮੈਨੇਜਰਾਂ ਨੂੰ ਏ. ਟੀ. ਐੱਮ ਵਿਚ ਸਕਿਓਰਿਟੀ ਗਾਰਡ ਰੱਖਣ ਲਈ ਲਿਖਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਨੂੰ ਪੰਜਾਬ ਲਿਆਵੇਗੀ ਪੁਲਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh