ਮੋਹਾਲੀ ਤੋਂ ਦੁਬਈ ਜਾ ਰਹੇ ਲਖਬੀਰ ਦੀ ਗ੍ਰਿਫਤਾਰੀ 'ਤੇ ਮਾਪਿਆਂ ਨੇ ਚੁੱਕੇ ਸਵਾਲ (ਵੀਡੀਓ)

11/13/2019 11:51:45 AM

ਹੁਸ਼ਿਆਰਪੁਰ (ਅਮਰਿੰਦਰ, ਅਮਰੀਕ))— ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਨੂੰ ਮੋਹਾਲੀ ਦੇ ਹਵਾਈ ਅੱਡੇ ਤੋਂ ਦੁਬਈ ਜਾਣ ਤੋਂ ਪਹਿਲਾਂ ਬੀਤੇ ਦਿਨੀਂ ਪੰਜਾਬ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਫੜੇ ਗਏ ਲਖਵੀਰ 'ਤੇ ਅੱਤਵਾਦੀ ਗਤੀਵਿਧੀਆਂ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਹੀ ਦੂਜੇ ਪਾਸਿਓਂ ਫਰੀਦਕੋਟ ਦੀ ਇਕ ਮਹਿਲਾ ਨਰਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। 

ਮੋਹਾਲੀ 'ਚ ਸਟੇਟ ਆਪ੍ਰੇਸ਼ਨ ਸੈੱਲ ਵੱਲੋਂ ਟੈਰਰ ਫੰਡਿੰਗ ਮਾਮਲੇ 'ਚ ਕੀਤੀ ਗ੍ਰਿਫਤਾਰੀ ਲਖਵੀਰ ਸਿੰਘ ਦੀ ਗ੍ਰਿਫਤਾਰੀ ਉਪਰੰਤ ਮੰਗਲਵਾਰ ਮੀਡੀਆ ਕਰਮਚਾਰੀਆਂ ਦੀ ਸਰਗਰਮੀ ਵੇਖ ਕੇ ਪਿੰਡ ਵਾਸੀ ਉਸ ਦੇ ਘਰ ਪੁੱਜਣੇ ਸ਼ੁਰੂ ਹੋ ਗਏ। ਹਾਲਾਂਕਿ ਉਸ ਦੇ ਪਰਿਵਾਰ ਨੂੰ 5 ਨਵੰਬਰ ਨੂੰ ਹੀ ਪਤਾ ਲੱਗ ਗਿਆ ਸੀ ਕਿ ਲਖਬੀਰ ਨੂੰ ਦੁਬਈ ਜਾਣ ਲੱਗਿਆਂ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਇਕ ਲੜਕੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਡਡਿਆਣਾ ਕਲਾਂ 'ਚ ਮੰਗਲਵਾਰ ਸ਼ਾਮੀਂ ਲਖਬੀਰ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਟੇਟ ਆਪ੍ਰੇਸ਼ਨ ਸੈੱਲ ਦੀ ਪੁਲਸ ਕਿਸੇ ਡੂੰਘੀ ਸਾਜ਼ਿਸ਼ ਤਹਿਤ ਲਖਬੀਰ ਨੂੰ ਫਸਾ ਰਹੀ ਹੈ, ਜਦਕਿ ਉਹ ਬੇਕਸੂਰ ਹੈ। ਉਨ੍ਹਾਂ ਕਿਹਾ ਕਿ ਉਹ ਰੱਬ ਨੂੰ ਮੰਨਣ ਵਾਲਾ ਇਨਸਾਨ ਹੈ। ਬਾਹਰ ਦੋ ਸਾਲ ਰਿਹਾ ਹੈ ਅਤੇ ਅਜਿਹੀ ਕੋਈ ਵੀ ਗਤੀਵਿਧੀ ਸਾਹਮਣੇ ਨਹੀਂ ਆਈ। ਆਪਣੇ ਪੁੱਤ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਲਖਬੀਰ ਦੀ ਮਾਂ ਚਰਨਜੀਤ ਕੌਰ ਨੇ ਬਿਸਤਰਾ ਹੀ ਫੜ ਲਿਆ ਹੈ। ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਵਾਰ-ਵਾਰ ਬੇਹੋਸ਼ ਹੋਣ ਕਾਰਣ ਪਰਿਵਾਰ ਉਸ ਨੂੰ ਸੰਭਾਲਣ 'ਚ ਜੁਟਿਆ ਰਿਹਾ।

ਛੁੱਟੀ ਬਿਤਾਉਣ ਤੋਂ ਬਾਅਦ ਜਾ ਰਿਹਾ ਸੀ ਦੁਬਈ 
ਲਖਬੀਰ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਪੁੱਤ 10ਵੀਂ ਦੀ ਪੜ੍ਹਾਈ ਉਪਰੰਤ ਆਈ. ਟੀ. ਆਈ. ਕਰ ਕੇ ਪਿੰਡ 'ਚ ਹੀ ਏ. ਸੀ. ਦੀ ਰਿਪੇਅਰਿੰਗ ਦਾ ਕੰਮ ਕਰਨ ਲੱਗਾ ਸੀ। ਕਰੀਬ 23 ਮਹੀਨੇ ਪਹਿਲਾਂ ਲਖਬੀਰ ਨੂੰ ਅਸੀਂ ਏ. ਸੀ. ਮਕੈਨਿਕ ਵਜੋਂ ਦੁਬਈ ਭੇਜਿਆ ਪਰ ਉਸ ਨੂੰ ਉੱਥੇ ਪੈਕਿੰਗ ਦਾ ਕੰਮ ਮਿਲਿਆ। ਉਹ ਛੁੱਟੀ ਆਇਆ ਹੋਇਆ ਸੀ ਅਤੇ ਪਿੰਡ 'ਚ 15 ਦਿਨ ਬਿਤਾਉਣ ਉਪਰੰਤ ਉਹ ਜਦੋਂ ਬੀਤੇ ਦਿਨੀਂ ਦੁਬਈ ਜਾ ਰਿਹਾ ਸੀ ਤਾਂ ਪੁਲਸ ਨੇ ਉਸ ਨੂੰ ਬਿਨਾਂ ਕਿਸੇ ਸਬੂਤ ਦੇ ਕਿਵੇਂ ਗ੍ਰਿਫਤਾਰ ਕਰ ਲਿਆ, ਇਹ ਸਾਡੀ ਸਮਝ ਤੋਂ ਬਾਹਰ ਹੈ। ਹਰਜਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤਾਂ ਕਿ ਬੇਕਸੂਰ ਲਖਬੀਰ ਨੂੰ ਸਾਜ਼ਿਸ਼ ਤਹਿਤ ਕਿਸੇ ਵੱਡੇ ਮਾਮਲੇ 'ਚ ਨਾ ਫਸਾ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਸਟੇਟ ਆਪ੍ਰੇਸ਼ਨ ਸੈੱਲ ਦੀ ਮੋਹਾਲੀ ਪੁਲਸ ਨੇ ਡਡਿਆਣਾ ਕਲਾਂ ਹੁਸ਼ਿਆਰਪੁਰ ਦੇ ਲਖਬੀਰ ਸਿੰਘ ਅਤੇ ਫਰੀਦਕੋਟ ਦੀ ਰਹਿਣ ਵਾਲੀ ਸੁਰਿੰਦਰ ਕੌਰ ਨੂੰ ਹਿਰਾਸਤ 'ਚ ਲਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੇ ਤਾਰ ਗਰਮ-ਖਿਆਲੀਆਂ ਨਾਲ ਜੁੜਦੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਤੋਂ ਕੀਤੀ ਪੁੱਛਗਿੱਛ ਉਪਰੰਤ ਸਟੇਟ ਆਪ੍ਰੇਸ਼ਨ ਸੈੱਲ ਨੇ ਵੱਖ-ਵੱਖ ਥਾਵਾਂ ਤੋਂ ਕੁਝ ਹੋਰ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਬਾਰੇ ਪੁਲਸ ਕੁਝ ਵੀ ਨਹੀਂ ਦੱਸ ਰਹੀ।

shivani attri

This news is Content Editor shivani attri