15 ਅਗਸਤ 'ਤੇ ਸਨਮਾਨਿਤ ਮਹਿਲਾ ASI ਨੇ ਜਬਰ-ਜ਼ਿਨਾਹ ਪੀੜਤਾ ਨਾਲ ਜੋ ਕਾਰਾ ਕੀਤਾ, ਵੀਡੀਓ ਵਾਇਰਲ (ਤਸਵੀਰਾਂ)

11/22/2022 10:20:26 AM

ਡੇਰਾਬੱਸੀ (ਗੁਰਪ੍ਰੀਤ, ਅਨਿਲ) : ਪੰਜਾਬ ਪੁਲਸ ਦੀ ਇਕ ਮਹਿਲਾ ਏ. ਐੱਸ. ਆਈ. ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜਿਵੇਂ ਹੀ ਡੇਰਾਬੱਸੀ ਦੀ ਏ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਏ. ਐੱਸ. ਆਈ. ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਹਿਲਾ ਏ. ਐੱਸ. ਆਈ. ਨੂੰ 15 ਅਗਸਤ 'ਤੇ ਸਨਮਾਨਿਤ ਕੀਤਾ ਗਿਆ ਸੀ। ਕਥਿਤ ਮੁਲਜ਼ਮ ਏ. ਐੱਸ. ਆਈ. ਪ੍ਰਵੀਨ ਕੌਰ ਇਸ ਸਮੇਂ ਡੇਰਾਬੱਸੀ ਥਾਣੇ 'ਚ ਤਾਇਨਾਤ ਹੈ ਅਤੇ ਉਸ ’ਤੇ ਜਬਰ-ਜ਼ਿਨਾਹ ਪੀੜਤਾ ਤੋਂ ਰਿਸ਼ਵਤ ਲੈਣ ਦਾ ਦੋਸ਼ ਹੈ। ਏ. ਐੱਸ. ਪੀ. ਆਹਲੂਵਾਲੀਆ ਨੇ ਦੱਸਿਆ ਕਿ ਪੁਲਸ ਨੇ ਏ. ਐੱਸ. ਆਈ. ਪ੍ਰਵੀਨ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵੀਡੀਓ 'ਚ ਏ. ਐੱਸ. ਆਈ. ਉਸ ਔਰਤ ਦੇ ਘਰ ਬੈਠੀ ਨਜ਼ਰ ਆ ਰਹੀ ਹੈ ਅਤੇ ਔਰਤ ਤੋਂ ਪੈਸੇ ਲੈ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਪੁਲਸ ਮੁਲਾਜ਼ਮ ਔਰਤ ਤੋਂ ਕਿਸੇ ਕੰਮ ਲਈ ਪੈਸੇ ਲੈ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲਗਾਤਾਰ 'ਡੇਂਗੂ' ਦਾ ਕਹਿਰ ਜਾਰੀ, ਹੁਣ 38 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ


ਅਪ੍ਰੈਲ ’ਚ ਹੋਇਆ ਸੀ ਜਬਰ-ਜ਼ਿਨਾਹ
ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸ ਨਾਲ ਅਪ੍ਰੈਲ ਮਹੀਨੇ 'ਚ ਇਕ ਵਿਅਕਤੀ ਨੇ ਜਬਰ-ਜ਼ਿਨਾਹ ਕੀਤਾ ਸੀ, ਜਿਸ ਸਬੰਧੀ ਡੇਰਾਬੱਸੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਘਟਨਾ ਵਾਲੀ ਥਾਂ ਦਾ ਨਕਸ਼ਾ ਬਣਾਉਣ ਅਤੇ ਜਾਂਚ ਕਰਨ ਲਈ ਉਸ ਦੇ ਘਰ ਆਈ ਤਾਂ ਮਹਿਲਾ ਪੁਲਸ ਮੁਲਾਜ਼ਮ ਨੇ 20 ਹਜ਼ਾਰ ਰੁਪਏ ਲੈ ਲਏ ਅਤੇ ਉਸ ਤੋਂ ਬਾਅਦ 10 ਹਜ਼ਾਰ ਹੋਰ ਲੈ ਲਏ। ਡੀ. ਆਈ. ਜੀ. ਕੋਲ ਰਿਪੋਰਟ ਦਰਜ ਕਰਵਾਉਣ ਲਈ ਕਾਰ ਵੀ ਉਸ ਦੀ ਲੈ ਗਈ ਸੀ।

ਇਹ ਵੀ ਪੜ੍ਹੋ : ਸਲੀਪਰ ਸੈੱਲ ਨੂੰ ਹਥਿਆਰ ਪਹੁੰਚਾਉਣ ਜਾ ਰਹੇ ਅੱਤਵਾਦੀ ਡੱਲਾ ਤੇ ਮੀਤਾ ਦੇ 6 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ


ਸੀ. ਸੀ. ਟੀ. ਵੀ. ’ਚ ਹੋਈ ਕੈਦ
ਪੀੜਤਾ ਅਨੁਸਾਰ ਜਦੋਂ ਪੁਲਸ ਮੁਲਾਜ਼ਮ ਉਸ ਦੇ ਘਰ ਆਈ ਅਤੇ ਪੈਸੇ ਲੈ ਕੇ ਆਪਣੀ ਜੇਬ 'ਚ ਰੱਖੇ ਤਾਂ ਉਸ ਦੇ ਘਰ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ, ਜਿਸ 'ਚ ਸਾਰੀ ਘਟਨਾ ਕੈਦ ਹੋ ਗਈ। ਉਸ ਨੇ ਇਸ ਸਬੰਧੀ ਪਹਿਲਾਂ ਡੇਰਾਬੱਸੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ। ਔਰਤ ਨੇ ਡੇਰਾਬੱਸੀ ਥਾਣਾ ਮੁਖੀ ’ਤੇ ਵੀ ਗੰਭੀਰ ਦੋਸ਼ ਲਾਏ ਹਨ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita