ਹੇਠਲੀ ਅਦਾਲਤ ਨੇ ਰੱਦ ਕੀਤਾ ''ਸ਼ੇਰੋਵਾਲੀਆ'' ''ਤੇ ਹੋਇਆ ਮਾਈਨਿੰਗ ਦਾ ਪਰਚਾ

11/14/2018 7:04:06 PM

ਜਲੰਧਰ : ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਦਰਜ ਹੋਈ ਐੱਫ. ਆਈ. ਆਰ.  ਨਕੋਦਰ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਹੁਕਮ ਜੇ. ਐੱਮ. ਆਈ. ਸੀ. ਨਕੋਦਰ ਦੇ ਜੱਜ ਤਨਵੀਰ ਸਿੰਘ ਨੇ ਦਿੱਤੇ ਹਨ। ਦੱਸ ਦਈਏ ਕਿ ਲਾਡੀ ਵਿਰੁੱਧ ਚੋਣਾਂ ਤੋਂ ਪਹਿਲਾਂ ਹੀ ਐੱਫ. ਆਈ. ਆਰ. ਦਰਜ ਕਰਨ ਵਾਲੇ ਮੁਅੱਤਲ ਕੀਤੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੂੰ ਵੀ ਬਹਾਲ ਕਰਕੇ ਕਪੂਰਥਲਾ ਪੁਲਸ ਲਾਈਨ ਭੇਜ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬਾਰੇ ਖਾਸ ਹਦਾਇਤਾਂ ਦਿੱਤੀਆਂ ਸਨ। ਹਾਲਾਂਕਿ ਪੰਜਾਬ ਪੁਲਸ ਨੇ ਹਰਦੇਵ ਸਿੰਘ ਲਾਡੀ ਵਿਰੁੱਧ ਐੱਫ. ਆਈ. ਆਰ. ਰੱਦ ਕਰਨ ਦੀ ਤਿੰਨ ਮਹੀਨੇ ਪਹਿਲਾਂ ਹੀ ਸਿਫਾਰਿਸ਼ ਕਰ ਦਿੱਤੀ ਸੀ ਪਰ ਮਾਲੜੀ ਪਿੰਡ ਦੇ ਕਾਮਰੇਡ ਮੋਹਨ ਸਿੰਘ ਨੇ ਇਸ ਨੂੰ ਅਦਾਲਤ 'ਚ ਚੁਣੌਤੀ ਦੇ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਮੋਹਨ ਸਿੰਘ ਨੇ ਆਪਣੇ ਕੇਸ ਦੇ ਪੱਖ 'ਚ ਕੋਈ ਮਜ਼ਬੂਤ ਸਬੂਤ ਪੇਸ਼ ਨਹੀਂ ਕੀਤੇ ਹਨ।

ਦੱਸ ਦਈਏ ਕਿ ਸ਼ਾਹਕੋਟ ਉਪ ਚੋਣ ਸਮੇਂ ਲਾਡੀ ਨੂੰ ਕਾਂਗਰਸ ਉਮੀਦਵਾਰ ਐਲਾਨੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਉਸ ਵਿਰੁੱਧ ਰੇਤੇ ਦੀ ਗੈਰਕਾਨੂੰਨੀ ਮਾਈਨਿੰਗ ਦਾ ਕੇਸ ਦਰਜ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਕੈਪਟਨ ਸਰਕਾਰ ਨੂੰ ਕਸੂਤੀ ਸਥਿਤੀ 'ਚ ਫਸਾ ਦਿੱਤੀ ਸੀ। ਲਾਡੀ ਸ਼ੇਰੋਵਾਲੀਆ ਖਿਲਾਫ ਐੱਫ. ਆਈ. ਆਰ. 'ਚ ਦਰਜ ਤੱਥਾਂ ਦੀ ਜਾਂਚ ਸਬ ਇੰਸਪੈਕਟਰ ਗੁਰਬਿੰਦਰ ਸਿੰਘ ਨੂੰ ਸੌਂਪੀ ਗਈ ਸੀ। ਉਨ੍ਹਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ-ਕਮ-ਡਿਸਟ੍ਰਿਕਟ ਇਲੈਕਟੋਰਲ ਅਫ਼ਸਰ, ਜਲੰਧਰ ਨੇ ਇਸ ਮਾਮਲੇ ਸਬੰਧੀ ਵਿਸ਼ੇਸ਼ ਟੀਮ ਬਣਾਈ ਸੀ, ਜਿਸ 'ਚ ਮਾਈਨਿੰਗ, ਮਾਲੀਆ ਅਤੇ ਪੁਲਸ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਸੀ। ਸ਼ੇਰੋਵਾਲੀਆ ਖਿਲਾਫ ਇਸ ਟੀਮ ਨੂੰ ਕੋਈ ਸਬੂਤ ਨਹੀਂ ਮਿਲਿਆ, ਇਸ ਲਈ ਸਬ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ।

Anuradha

This news is Content Editor Anuradha