ਲੱਦਾਖ ''ਚ ਸ਼ਹੀਦ ਹੋਏ ਲਾਂਸ ਨਾਇਕ ਸਲੀਮ ਖ਼ਾਨ ਦੀ ਸ਼ਹਾਦਤ ਨੂੰ ਕੈਪਟਨ ਨੇ ਕੀਤਾ ਸਲਾਮ

06/27/2020 6:37:19 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ਵਿਚ ਸ਼ਹੀਦ ਹੋਏ ਪਟਿਆਲਾ ਦੇ ਪਿੰਡ ਮਰਦਾਂਹੇੜੀ ਦੇ ਜਵਾਨ ਸਲੀਮ ਖ਼ਾਨ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੱਦਾਖ ਵਿਚ ਸ਼ਹੀਦ ਹੋਏ ਲਾਂਸ ਨਾਇਕ ਖ਼ਾਨ ਦੀ ਸ਼ਹਾਦਤ ਨੂੰ ਸਲਾਮ ਹੈ। ਉਹ ਪਟਿਆਲਾ ਦੇ ਪਿੰਡ ਮਰਦਾਂਹੇੜੀ ਦੇ ਰਹਿਣ ਵਾਲੇ ਸਨ, ਅਸੀਂ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ। ਪੂਰਾ ਦੇਸ਼ ਬਹਾਦਰ ਲਾਂਸ ਨਾਇਕ ਸਲੀਮ ਖ਼ਾਨ ਦੀ ਸ਼ਹਾਦਤ ਨੂੰ ਸਲਾਮ ਕਰਦਾ ਹੈ। 

ਦੱਸਣਯੋਗ ਹੈ ਕਿ ਪਟਿਆਲਾ ਦੇ ਨੇੜਲੇ ਪਿੰਡ ਮਰਦਾਂਹੇੜੀ ਦਾ ਜਵਾਨ ਸਲੀਮ ਖ਼ਾਨ ਬੀਤੇ ਕੱਲ੍ਹ ਚੀਨ ਬਾਰਡਰ 'ਤੇ ਸ਼ਹਾਦਤ ਦਾ ਜਾਮ ਪੀ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2.00 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਰਦਾਂਹੇੜੀ 'ਚ ਲਿਆਂਦਾ ਜਾਵੇਗਾ, ਜਿੱਥੇ ਮੁਸਲਿਮ ਧਰਮ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਸ਼ਹੀਦ ਸਲੀਮ ਖ਼ਾਨ ਦੀ ਉਮਰ 23 ਸਾਲ ਹੈ। ਸਲੀਮ ਖ਼ਾਨ ਦੇ ਪਿਤਾ ਮੰਗਲ ਦੀਨ ਵੀ ਭਾਰਤੀ ਫੌਜ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਇਸ ਸਮੇਂ ਸਲੀਮ ਖ਼ਾਨ ਦੇ ਪਰਿਵਾਰ 'ਚ ਉਨ੍ਹਾਂ ਦੀ ਮਾਤਾ, ਭਰਾ ਅਤੇ ਭਾਬੀ ਹੈ। ਸਲੀਮ ਖ਼ਾਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।

Gurminder Singh

This news is Content Editor Gurminder Singh