ਗੰਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਗਲੀ ''ਚ ਖੜ੍ਹਨ ਤੋਂ ਲੋਕ ਪ੍ਰੇਸ਼ਾਨ

01/21/2018 6:09:15 AM

ਸ਼ਾਮਚੁਰਾਸੀ, (ਚੁੰਬਰ)– ਪਿੰਡ ਧੁਦਿਆਲ ਦੇ ਕੁਝ ਘਰਾਂ ਦਾ ਗੰਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਗਲੀ ਵਿਚ ਖੜ੍ਹਾ ਰਹਿੰਦਾ ਹੈ, ਜੋ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਚੁੱਕਾ ਹੈ।
ਇਸ ਸਬੰਧੀ ਪੰਚ ਸੁਖਬੀਰ ਸਿੰਘ ਦੀ ਅਗਵਾਈ ਵਿਚ ਬਲਵੀਰ ਸਿੰਘ, ਲਖਵੀਰ ਸਿੰਘ, ਜਸਪ੍ਰੀਤ ਸਿੰਘ, ਕਮਲਜੀਤ ਸਿੰਘ, ਅਮਰਜੀਤ ਸਿੰਘ, ਮਾ. ਧਰਮਪਾਲ, ਨਰੇਸ਼ ਕੁਮਾਰ, ਬਖਸ਼ੀ ਰਾਮ, ਅਮਰਜੀਤ ਬਿੱਟੂ, ਰਾਮਪਾਲ, ਰਣਜੀਤ ਰਾਣਾ, ਹਨੀਸ਼ ਭਾਟੀਆ ਆਦਿ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਘਰਾਂ ਮੋਹਰੇ ਨਾਲੀ  ਨਾ ਹੋਣ ਕਾਰਨ ਗੰਦਾ ਪਾਣੀ ਗਲੀ ਵਿਚ ਖੜ੍ਹ ਜਾਂਦਾ ਹੈ। ਬੀ. ਡੀ. ਓ. ਆਦਮਪੁਰ ਨੂੰ ਇਸ ਸਬੰਧੀ ਕੁਝ ਸਮਾਂ ਪਹਿਲਾਂ ਸੂਚਿਤ ਕੀਤਾ ਗਿਆ ਸੀ, ਜਿਸ 'ਤੇ ਜੇ. ਈ. ਅਤੇ ਸੈਕਟਰੀ ਮੌਜੂਦਾ ਸਰਪੰਚ ਨਾਲ ਮੌਕਾ ਦੇਖ ਕੇ ਗਲੀ ਬਣਾਉਣ ਦੀ ਹਾਮੀ ਭਰ ਗਏ ਸਨ ਪਰ ਅਜੇ ਤੱਕ ਇਸ 'ਤੇ ਅਮਲ ਸ਼ੁਰੂ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਇਸ ਗਲੀ ਦੇ ਅੱਗੇ ਸ਼ਮਸ਼ਾਨਘਾਟ ਹੈ। ਜਦੋਂ ਵੀ ਕੋਈ ਪਿੰਡ ਵਾਸੀ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਇਥੋਂ ਲੰਘਣ ਵਾਲੇ ਬਹੁਤ ਪ੍ਰੇਸ਼ਾਨ ਹੁੰਦੇ ਹਨ। ਸੁਖਦੇਵ ਸਿੰਘ ਅਤੇ ਰਾਣਾ ਹੱਟੀ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਮੋਹਰੇ ਸ਼ਾਮਲਾਟ ਵਿਚ ਗੰਦਾ ਪਾਣੀ ਪੈਂਦਾ ਹੈ। ਇਨ੍ਹਾਂ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀ ਬਣਾਉਣ ਦੀ ਜ਼ਰੂਰਤ ਹੈ, ਜੋ ਅਜੇ ਤੱਕ ਨਹੀਂ ਬਣੀ। ਪਿਛਲੇ ਪੰਜ ਸਾਲਾਂ ਤੋਂ ਉਕਤ ਘਰਾਂ ਦੇ ਵਸਨੀਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸਮੂਹ ਦੁਖੀ ਲੋਕਾਂ ਨੇ ਸਬੰਧਤ ਵਿਭਾਗ ਤੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ।