ਸਿਵਲ ਹਸਪਤਾਲ ''ਚ ਮਾਹਿਰ ਡਾਕਟਰਾਂ ਦੀ ਘਾਟ, ਮਰੀਜ਼ ਪ੍ਰੇਸ਼ਾਨ

04/25/2018 4:22:38 AM

ਸੁਲਤਾਨਪੁਰ ਲੋਧੀ, (ਸੋਢੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰੂ ਨਗਰੀ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 'ਚ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ 'ਤੇ ਮਨਾਉÎਣ ਦੀਆਂ ਤਿਆਰੀਆਂ ਇਕ ਪਾਸੇ ਜੰਗੀ ਪੱਧਰ 'ਤੇ ਜਾਰੀ ਹਨ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਇਸ ਇਲਾਕੇ 'ਚ ਸਿਹਤ ਸਹੂਲਤਾਂ ਦੀ ਭਾਰੀ ਘਾਟ ਕਾਰਨ ਮਲਟੀਸਪੈਸ਼ਲਿਟੀ ਹਸਪਤਾਲ ਖੋਲ੍ਹਣ ਦੀ ਮੰਗ ਵੱਡੀ ਪੱਧਰ 'ਤੇ ਹੋ ਰਹੀ ਹੈ। ਦੂਜੇ ਪਾਸੇ ਇਸ ਸਮੇਂ ਗੁਰੂ ਨਗਰੀ ਦੇ ਇਸ ਸਰਕਾਰੀ ਹਸਪਤਾਲ 'ਚ ਔਰਤਾਂ ਤੇ ਬੱਚਿਆਂ ਦੇ ਮਾਹਿਰ ਕੋਈ ਵੀ ਡਾਕਟਰ ਨਾ ਹੋਣ ਕਾਰਨ ਜੱਚਾ ਤੇ ਬੱਚਾ ਦੋਹਾਂ ਦਾ ਇਲਾਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਪਿਛਲੀ ਸਰਕਾਰ ਸਮੇਂ ਬਣਾਏ ਗਏ ਕਮਿਊਨਿਟੀ ਹੈਲਥ ਸੈਂਟਰ ਤੇ ਟਰਾਮਾ ਵਾਰਡ 'ਚ ਵੱਡੀ ਗਿਣਤੀ 'ਚ ਡਾਕਟਰਾਂ ਤੇ ਮੈਡੀਕਲ ਅਫਸਰਾਂ ਦੀਆਂ ਪੋਸਟਾਂ ਖਾਲੀ ਹਨ ਤੇ ਇਲਾਜ ਸਬੰਧੀ ਕੀਤੇ ਜਾ ਰਹੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ।
 ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਪੂਰਾ ਦਿਨ ਤੇ ਰਾਤ ਨੂੰ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ ਪਰ ਡਾਕਟਰਾਂ ਦੀ ਘਾਟ ਕਾਰਨ ਬਹੁਤੇ ਰੋਗੀਆਂ ਨੂੰ ਇਥੋਂ ਰੈਫਰ ਹੀ ਕੀਤਾ ਜਾਂਦਾ ਹੈ ਤੇ ਜਾਂ ਫਿਰ ਲੰਬੀਆਂ ਲਾਈਨਾਂ 'ਚ ਖੜ੍ਹੇ ਹੋ ਕੇ ਪ੍ਰੇਸ਼ਾਨ ਹੋਏ ਮਰੀਜ਼ ਮਜਬੂਰਨ ਪ੍ਰਾਈਵੇਟ ਹਸਪਤਾਲਾਂ 'ਚ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
 ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਸਮੇਂ ਔਰਤਾਂ ਦੇ ਰੋਗਾਂ ਦੀ ਮਾਹਿਰ ਗਾਇਨੀ ਡਾਕਟਰ, ਨਵ ਜੰਮੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ, ਸਕੈਨ ਕਰਨ ਵਾਲੇ ਮਾਹਿਰ ਤੇ ਇਕ ਹੋਰ ਸਪੈਸ਼ਲਿਸਟ ਸਰਜਨ ਦੀ ਪੋਸਟ ਖਾਲੀ ਹੈ। ਇਸ ਤੋਂ ਇਲਾਵਾ ਮੈਡੀਕਲ ਅਫਸਰ (ਐੱਮ. ਬੀ. ਬੀ. ਐੱਸ) ਦੀਆਂ ਵੀ ਪੰਜ ਪੋਸਟਾਂ ਖਾਲੀ ਹਨ। 

ਕਿਸੇ ਵੀ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ : ਐੱਸ. ਐੱਮ. ਓ.
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਐੱਸ. ਐੱਮ. ਓ. ਡਾ. ਕੁਲਮਿੰਦਰਜੀਤ ਕੌਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਇਸ ਸਮੇਂ ਸਪੈਸ਼ਲਿਸਟ ਡਾਕਟਰਾਂ ਦੀਆਂ 9 ਪੋਸਟਾਂ ਹਨ, ਜਿਸ 'ਚੋਂ 5 ਡਾਕਟਰ ਮੌਜੂਦ ਹਨ, ਜਦਕਿ ਇਕ ਡਾ. ਸੁਖਵਿੰਦਰ ਕੌਰ ਦੀ ਇਥੋਂ ਕਪੂਰਥਲਾ ਦੀ ਬਦਲੀ ਹੋ ਜਾਣ ਕਾਰਨ ਪੋਸਟ ਖਾਲੀ ਹੋਈ ਹੈ ਤੇ ਹੋਰ ਖਾਲੀ ਪੋਸਟਾਂ ਬਾਰੇ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹਸਪਤਾਲ 'ਚ ਇਕ ਫਾਰਮਾਸਿਸਟ, 4 ਸਫਾਈ ਸੇਵਕ, ਇਕ ਮਾਲੀ, ਇਕ ਧੋਬੀ ਆਦਿ ਦੀ ਪੋਸਟ ਖਾਲੀ ਹੈ। ਸਿਵਲ ਹਸਪਤਾਲ 'ਚ ਇਕ ਡਿਜੀਟਲ ਐਕਸਰਾ ਮਸ਼ੀਨ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਡਾਕਟਰਾਂ ਦੀ ਘਾਟ ਚੱਲ ਰਹੀ ਹੈ ਪਰ ਕਿਸੇ ਵੀ ਮਰੀਜ਼ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।