ਬਿਹਾਰ ਤੋਂ ਮਜ਼ਦੂਰਾਂ ਨਾਲ ਤੁੰਨੀ ਬੱਸ ਪੁੱਜੀ ਪੰਜਾਬ, ਜਦੋਂ ਪੁਲਸ ਨੇ ਰੋਕਿਆ ਤਾਂ...

06/16/2020 3:15:09 PM

ਮੋਗਾ (ਵਿਪਨ) : ਪੰਜਾਬ 'ਚ ਕੋਰੋਨਾ ਲਾਗ ਦੇ ਫੈਲਣ ਤੋਂ ਬਾਅਦ ਵੀ ਬਹੁਤੇ ਲੋਕ ਇਸ ਨੂੰ ਮਜ਼ਾਕ ਸਮਝ ਰਹੇ ਹਨ ਅਤੇ ਸਰਕਾਰ ਵੱਲੋਂ ਬਣਾਏ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ। ਅਜਿਹਾ ਹੀ ਮਾਮਲਾ ਬਾਘਾਪੁਰਾਣਾ ਦੇ ਭਗਤ ਸਿੰਘ ਚੌਂਕ ਵਿਖੇ ਸਾਹਮਣੇ ਆਇਆ ਹੈ। ਇਸ ਚੌਂਕ 'ਚ ਬਿਹਾਰ ਤੋਂ ਮਜ਼ਦੂਰਾਂ ਨਾਲ ਤੁੰਨੀ ਆ ਰਹੀ ਇਕ ਬੱਸ ਨੂੰ ਜਦੋਂ ਰੋਕਿਆ ਗਿਆ ਅਤੇ ਮਜ਼ਦੂਰਾਂ ਵਿਚਕਾਰ ਸਮਾਜਿਕ ਦੂਰੀ ਬਿਲਕੁਲ ਵੀ ਨਹੀਂ ਸੀ ਅਤੇ ਰੱਜ ਕੇ ਕੋਰੋਨਾ ਨੇਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।

ਇਸ ਬਾਰੇ ਰਾਜੂ ਨਾਂ ਦੇ ਇਕ ਮਜ਼ਦੂਰ ਨੇ ਦੱਸਿਆ ਕਿ ਕਰੀਬ 60 ਮਜ਼ਦੂਰਾਂ ਨੂੰ ਮਾਲਵਾ ਕੰਪਨੀ ਦੀ ਬੱਸ ਬਿਹਾਰ ਤੋਂ ਪੰਜਾਬ ਲਿਆਈ ਹੈ। ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬੱਸ 'ਚ ਸਿਰਫ 39 ਦੇ ਕਰੀਬ ਲੋਕ ਸਵਾਰ ਸਨ ਅਤੇ ਬੱਸ ਚਾਲਕ ਨੇ ਮੋਗਾ ਤੋਂ ਉਨ੍ਹਾਂ ਨਾਲ ਕਈ ਹੋਰ ਲੋਕ ਬਿਠਾ ਦਿੱਤੇ। ਮਜ਼ਦੂਰ ਨੇ ਦੱਸਿਆ ਕਿ ਬੱਸ ਚਾਲਕ ਨੇ ਹਰ ਸਵਾਰੀ ਤੋਂ 3 ਹਜ਼ਾਰ ਰੁਪਏ ਕਿਰਾਇਆ ਲਿਆ ਸੀ।

ਇਸ ਬਾਰੇ ਏ. ਐਸ. ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਜ਼ਦੂਰਾਂ ਨਾਲ ਭਰੀ ਬੱਸ ਨੂੰ ਰੋਕਿਆ ਤਾਂ 60 ਦੇ ਕਰੀਬ ਮਜ਼ਦੂਰ ਬੱਸ 'ਚ ਸਵਾਰ ਸਨ, ਜਿਨ੍ਹਾਂ 'ਚੋਂ ਨਾ ਤਾਂ ਕਿਸੇ ਨੇ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਕਿਸੇ ਵਿਚਕਾਰ ਸਮਾਜਿਕ ਦੂਰੀ ਸੀ। ਇੱਥੋਂ ਤੱਕ ਕਿ ਬੱਸ ਚਾਲਕ ਅਤੇ ਕੰਡਕਟਰ ਵੀ ਮਾਸਕ ਤੋਂ ਬਿਨਾਂ ਹੀ ਸਨ। ਏ. ਐਸ. ਆਈ. ਨੇ ਕਿਹਾ ਕਿ ਉਕਤ ਬੱਸ ਚਾਲਕ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤਾ ਹੈ, ਜਿਸ ਕਾਰਨ ਬੱਸ ਚਾਲਕ ਅਤੇ ਕੰਡਕਟਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


 


Babita

Content Editor

Related News