ਵਿਆਹ ਸਮਾਗਮ ''ਚ ਸ਼ਾਮਲ ਹੋਣਾ ਦਲਿਤ ਮਜ਼ਦੂਰ ਨੂੰ ਪਿਆ ਮਹਿੰਗਾ, ਕਿਸਾਨ ਦੀ ਤਸ਼ੱਦਦ ਤੋਂ ਦੁਖੀ ਹੋ ਕੀਤੀ ਖੁਦਕੁਸ਼ੀ

11/21/2017 5:02:39 PM

ਸੰਗਰੂਰ (ਰਾਜੇਸ਼, ਹਨੀ ਕੋਹਲੀ) — ਆਪਣੇ ਗੁਆਂਢ 'ਚ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣਾ ਜ਼ਿਲਾ ਸੰਗਰੂਰ ਦੇ ਇਕ ਦਲਿਤ ਖੇਤ ਮਜ਼ਦੂਰ ਨੂੰ ਮਹਿੰਗਾ ਪੈ ਗਿਆ। ਅਸਲ 'ਚ ਜ਼ਿਲਾ ਸੰਗਰੂਰ ਦੇ ਜਲੂਰ ਪਿੰਡ ਦਾ 32 ਸਾਲਾ ਗੁਰਪ੍ਰੀਤ ਨਾਮ ਦਾ ਇਕ ਖੇਤ ਮਜ਼ਦੂਰ ਆਪਣੇ ਖੇਤ ਮਾਲਿਕ ਕਿਸਾਨ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਗੁਆਂਢ 'ਚ ਚਲ ਰਹੇ ਵਿਆਹ ਸਮਾਗਮ 'ਚ ਚਲਾ ਗਿਆ। ਜਿਸ ਨਾਲ ਉਸ ਦਾ ਖੇਤ ਮਾਲਕ ਤੇ ਉਸ ਦਾ ਪਰਿਵਾਰ ਭੜਕ ਗਿਆ ਤੇ ਵਿਆਹ ਤੋਂ ਵਾਪਸ ਆ ਕੇ  ਉਨ੍ਹਾਂ ਨੇ ਗੁਰਪ੍ਰੀਤ ਨੂੰ ਬਹੁਤ ਜ਼ਲੀਲ ਕੀਤਾ। ਇਸ ਤੋਂ ਬਾਅਦ ਉਹ ਗੁਰਪ੍ਰੀਤ ਨੂੰ ਖੇਤ ਲੈ ਗਏ ਤੇ ਉਥੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਕੋਲੋਂ ਕੀਟਨਾਸ਼ਕ ਦਾ ਛਿਕਾਅ ਕਰਵਾਇਆ ਤੇ ਫਿਰ ਉਸ ਨੂੰ ਰਾਤ 'ਚ ਮੁੜ ਬੰਨ ਕੇ ਕੁੱਟਣ ਦੀ ਧਮਕੀ ਦੇ ਦਿੱਤੀ। ਇਸ ਸਭ ਤੋਂ ਦੁਖੀ ਹੋ ਕੇ ਤੇ ਡਰ ਕਾਰਨ ਉਸ ਨੇ ਉਸੇ ਸਮੇਂ ਖੇਤ 'ਚ ਕੀਟਨਾਸ਼ਕ ਪੀ ਲਈ। ਇਨ੍ਹਾਂ ਸਭ ਹੋਣ ਦੇ ਬਾਵਜੂਦ ਵੀ ਦੋਸ਼ੀ ਕਿਸਾਨ ਪਰਿਵਾਰ ਗੁਰਪ੍ਰੀਤ ਨੂੰ ਹਸਪਤਾਲ ਲੈ ਜਾਣ ਦੀ ਬਜਾਇ ਪਿੰਡ 'ਚ ਸੁੱਟ ਕੇ ਉਥੋਂ ਚਲਦਾ ਬਣਿਆ। ਇਸ ਤੋਂ ਬਾਅਦ ਜਦ ਗੁਰਪ੍ਰੀਤ ਦੇ ਪਰਿਵਾਰ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗੁਰਪ੍ਰੀਤ ਨੂੰ ਹਸਪਤਾਲ ਲੈ ਜਾਣ ਲਈ ਕਿਸਾਨ ਪਰਿਵਾਰ ਤੋਂ ਗੱਡੀ ਮੰਗੀ ਤਾਂ ਉਨ੍ਹਾਂ ਨੇ ਗੱਡੀ ਦੇਣ ਤੋਂ ਮਨਾ ਕਰ ਦਿੱਤਾ। ਜਿਵੇਂ ਕਿਵੇਂ ਗਰੀਬ ਪਰਿਵਾਰ ਨੇ ਗੁਰਪ੍ਰੀਤ ਨੂੰ ਹਸਪਤਾਲ ਲੈ ਜਾਣ ਲਈ ਗੱਡੀ ਦਾ ਇੰਤਜ਼ਾਮ ਕੀਤਾ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਪੁਲਸ ਨੂੰ ਮਿਲਣ ਤੋਂ ਬਾਅਦ ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਕਿਸਾਨ ਪਰਿਵਾਰ ਸਮੇਤ ਕੁੱਲ ਚਾਰ 'ਤੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।