ਕੁਵੈਤ ਦੇ ਮਹਾਬੁਲਾ ’ਚ ਫਸੇ 2500 ਪੰਜਾਬੀ ਨੌਜਵਾਨ , ਲਗਾਈ ਮਦਦ ਦੀ ਗੁਹਾਰ (ਵੀਡੀਓ)

04/19/2017 10:47:19 AM

ਜਲੰਧਰ /ਕੁਵੈਤ (ਜਸਪ੍ਰੀਤ)  ਪੈਸਾ ਕਮਾਉਣ ਤੇ ਅੱਗੇ ਵੱਧਣ ਦੀ ਸੋਚ ਨੂੰ ਲੈ ਕੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਕਈ ਨੌਜਵਾਨ ਏਜੰਟਾਂ ਦੇ ਚੱਕਰ ’ਚ ਫੱਸ ਕੇ ਆਪਣਾ ਸਭ ਕੁਝ ਦਾਅ ’ਤੇ ਲਗਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕੁਵੈਤ ਦੇ ਮਹਾਬੁਲਾ ਟਾੳੂਨ ’ਚ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਬਲਬੀਰ ਨੇ ਫੋਨ ’ਤੇ ਦੱਸਿਆ ਕਿ ਜਲੰਧਰ ਦੇ ਇਕ ਮਸ਼ਹੂਰ ਟਰੈਵਲ ਏਜੰਟ ਨੇ ਅਕਤੂਬਰ 2016 ’ਚ ਉਸ ਕੋਲੋ 1 ਲੱਖ ਰੁਪਏ ਲੈ ਕੇ ਉਸ ਨੂੰ ਕੁਵੈਤ ’ਚ ਮੁਸ਼ਰਿਫ ਕੰਪਨੀ ’ਚ ਕੰਮ ਕਰਨ ਲਈ ਵੀਜ਼ਾ ਦਵਾਇਆ ਪਰ ਇਥੇ ਆ ਕੇ ਪੈਸੇ ਕਮਾਉਣ ਦੀ ਜਗ੍ਹਾ ’ਤੇ ਫੱਸ ਗਿਆ ਹੈ।
ਉਸ ਨੇ ਦੱਸਿਆ ਕਿ ਉਹ ਜਿਸ ਕੰਪਨੀ ’ਚ ਕੰਮ ਕਰ ਰਿਹਾ ਹੈ ਉਥੇ ਨਾ ਤਾਂ ਉਸ ਨੂੰ ਕੰਮ ਦੇ ਬਦਲੇ ਪੈਸੇ ਮਿਲ ਰਹੇ ਹਨ ਤੇ ਨਾ ਹੀ ਖਾਣ ਲਈ ਰੋਟੀ ਤੇ ਪੀਣ ਲਈ ਪਾਣੀ ਮਿਲ ਰਿਹਾ ਹੈ। ਤੇ ਜੋ ਖਾਣਾ ਕੰਪਨੀ ਦਿੰਦੀ ਹੈ ਉਹ ਖਾਣ ਦੇ ਲਾਇਕ ਨਹੀਂ ਹੈ। ਕੰਪਨੀ ਨੇ ਉਸ ਦਾ ਪਾਸਪੋਰਟ ਤਕ ਜ਼ਬਤ ਕਰ ਲਿਆ ਹੈ। ਜਿਸ ਕਾਰਨ ਉਹ ਕਿਤੇ ਹੋਰ ਬਾਹਰ ਜਾ ਕੰਮ ਵੀ ਨਹੀਂ ਕਰ ਸਕਦਾ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਕੰਪਨੀ ’ਚ ਸਟੀਲ ਫਿਕਸਰ, ਮੈਸਨ, ਕਾਰਪੇਂਟਰ ਤੇ ਹੋਰ ਕੰਮ ਕਰਨ ਵਾਲੇ ਹੋਰ ਵੀ ਕਈ ਪੰਜਾਬੀ ਤੇ ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਫਸੇ ਹੋਏ ਹਨ। ਟ੍ਰੇਡ ’ਚ ਕੰਮ ਦਿਵਾਉਣ ਦੀ ਬਜਾਇ ਏਜੰਟਾਂ ਨੇ ਉਨ੍ਹਾਂ ਨੂੰ ਲੇਬਰ ’ਚ ਭੇਜ ਕੇ ਫਸਾ ਦਿੱਤਾ ਹੈ।
ਭਾਰਤੀ ਦੂਤਾਵਾਸ ਨੇ ਕਿਹਾ-ਜਾਓ ਕੰਮ ਕਰੋ
ਬਲਬੀਰ ਨੇ ਦੱਸਿਆ ਕਿ ਸਿਰਫ ਉਹ ਹੀ ਨਹੀਂ ਉਸ ਦੇ ਨਾਲ ਇਥੇ 2500 ਲੋਕ ਹੋਰ ਹਨ, ਜਿਸ ’ਚ ਜ਼ਿਆਦਾਤਰ ਲੋਕ ਜਲੰਧਰ ਦੇ ਮਸ਼ਹੂਰ ਟ੍ਰੈਵਲ ਏਜੰਟ ਰਾਹੀ ਭੇਜੇ ਗਏ ਹਨ। ਇਹ ਲੋਕ ਫਿਰੋਜ਼ਪੁਰ, ਅੰਮਿ੍ਰਤਸਰ, ਗੁਰਦਾਸਪੁਰ, ਲੁਧਿਆਣਾ, ਹੁਸ਼ਿਆਰਪੁਰ, ਜਗਰਾਓ, ਨਕੋਦਰ ਤੇ ਹੋਰ ਸ਼ਹਿਰਾਂ ਤੋਂ ਆਏ ਹੋਏ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਮਹਾਬੁਲਾ ਤੋਂ 35 ਕਿਲੋਮੀਟਰ ਦੂਰ ਸਥਿਤ ਭਾਰਤੀ ਦੂਤਾਘਰ ਤਕ ਪੈਦਲ ਚਲ ਕੇ ਗਏ ਤੇ ਮਦਦ ਦੀ ਗੁਹਾਰ ਲਗਾਈ ਪਰ ਭਾਰਤੀ ਦੂਤਘਰ ਨੇ ਉਨ੍ਹਾਂ ਦੀ ਮਦਦ ਕਰਨ ਦੀ ਬਜਾਇ ਉਨ੍ਹਾਂ ਨੂੰ ਕੰਪਨੀ ’ਚ ਕੰਮ ਕਰਨ ਦੀ ਸਲਾਹ ਦਿੱਤੀ। ਕੁਵੈਤ ’ਚ ਫਸੇ ਪੰਜਾਬੀਆਂ ਨੇ ਦੱਸਿਆ ਕਿ ਜਦ ਅਸੀਂ ਇਸ ਸਬੰਧੀ ਜਲੰਧਰ ਸਥਿਤ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਕੋਈ ਮਦਦ ਨਹੀਂ ਕੀਤੀ।