ਕੁੰਵਰ ਵਿਜੇ ਪ੍ਰਤਾਪ ਮਾਮਲੇ 'ਚ ਘਿਰੀ ਪੰਜਾਬ ਸਰਕਾਰ, ਚੋਣ ਕਮਿਸ਼ਨ ਵਲੋਂ ਨੋਟਿਸ

06/07/2019 7:09:24 PM

ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਤਬਾਦਲੇ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਦੇ ਸਿੱਟ ਦੀ ਜਾਂਚ 'ਚ ਸ਼ਾਮਲ ਰਹਿਣ ਤੋਂ ਬਾਅਦ ਅਕਾਲੀ ਦਲ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਇਸ ਨੋਟਿਸ ਵਿਚ ਪੁੱਛਿਆ ਗਿਆ ਹੈ ਕਿ ਤਬਾਦਲੇ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਨੇ ਸਿੱਟ ਦਾ ਹਿੱਸਾ ਬਣ ਕੇ ਕੰਮ ਕਿਵੇਂ ਕੀਤਾ। ਦਰਅਸਲ ਅਕਾਲੀ ਦਲ ਵਲੋਂ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਨਾ ਸਿਰਫ ਸਿੱਟ ਦੀਆਂ ਮੀਟਿੰਗ ਵਿਚ ਸ਼ਾਮਲ ਹੁੰਦੇ ਰਹੇ ਸਗੋਂ ਉਹ ਜਾਂਚ ਦਾ ਹਿੱਸਾ ਵੀ ਬਣਦੇ ਰਹੇ ਹਨ। ਇਸ 'ਤੇ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਅੱਜ (ਸ਼ੁੱਕਰਵਾਰ ਨੂੰ) ਹੀ ਜਵਾਬ ਦੇਣ ਲਈ ਕਿਹਾ ਹੈ। 
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੀ ਸ਼ਿਕਾਇਤ 'ਤੇ 8 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ 'ਚੋਂ ਛੁੱਟੀ ਕਰ ਦਿੱਤੀ ਸੀ, ਅਤੇ ਉਨ੍ਹਾਂ ਨੂੰ ਆਈ. ਜੀ. ਕਾਊਂਟਰ ਇੰਟੈਲੀਜੈਂਸ ਤਾਇਨਾਤ ਕੀਤਾ ਸੀ ਪਰ ਇਸ ਦੇ ਉਲਟ ਕੁੰਵਰ ਵਿਜੇ ਪ੍ਰਤਾਪ ਸਿੱਟ ਦੀ ਜਾਂਚ ਵਿਚ ਸ਼ਾਮਲ ਰਹਿਣ ਦਾ ਮਾਮਲਾ ਕਾਫੀ ਗਰਮਾ ਗਿਆ ਸੀ, ਜਿਸ 'ਤੇ ਅਕਾਲੀ ਦਲ ਨੇ ਮੁੜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਇਸ ਵਿਚ ਦਖਲ ਅੰਦਾਜ਼ੀ ਦੀ ਮੰਗ ਕੀਤੀ ਸੀ।

Gurminder Singh

This news is Content Editor Gurminder Singh