ਸੂਬੇ ''ਚ ਮੀਟ ਦੇ ਮੰਡੀਕਰਨ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ : ਕੁਲਦੀਪ ਧਾਲੀਵਾਲ

05/18/2022 4:21:33 PM

ਚੰਡੀਗੜ੍ਹ : ਪੰਜਾਬ 'ਚ ਮੀਟ ਦੇ ਮੰਡੀਕਰਣ ਨੂੰ ਪ੍ਰੱਫੁਲਿਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਸ ਧੰਦੇ ਨਾਲ ਜੁੜੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਮੀਟ ਵੇਚਣ ਲਈ ਹੋਰਨਾਂ ਸੂਬਿਆਂ ਵਿਚ ਨਾ ਜਾਣਾ ਪਵੇ। ਸੂਬੇ ਦੇ ਪਸ਼ੂ-ਪਾਲਣ, ਡੇਅਰੀ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਨੂੰ ਉਨ੍ਹਾਂ ਦੇ ਧੰਦਿਆਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਨ ਲਈ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ। ਇਸ ਮੀਟਿੰਗ ਦੌਰਾਨ ਇਸ ਧੰਦੇ ਨਾਲ ਜੁੜੇ ਹੋਏ ਕਿਸਾਨਾਂ ਨੇ ਆਪਣੀ ਮੁਸ਼ਕਲਾਂ ਬਾਰੇ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਖੁੱਲ੍ਹ ਕੇ ਵਿਚਾਰਾਂ ਕੀਤੀਆਂ।

ਸੂਰ ਪਾਲਕਾਂ ਦੀਆਂ ਜੱਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਪਿੱਗ ਪ੍ਰੋਸੈਸਿੰਗ ਪਲਾਂਟ ਜਾਂ ਫੂਡ ਪਾਰਕ ਲਗਾਇਆ ਜਾਵੇ, ਜਿਸ ਨਾਲ ਉਨ੍ਹਾਂ ਨੂੰ ਮੀਟ ਵੇਚਣ ਲਈ ਉੱਤਰ ਪੂਰਬ ਸੂਬਿਆਂ ਵਿੱਚ ਨਾ ਜਾਣਾ ਪਵੇ। ਉਨ੍ਹਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸੂਰ ਪਾਲਕਾਂ ਨੂੰ ਫੰਡਿੰਗ ਸਮੇਂ-ਸਮੇਂ ਸਿਰ ਦੁਆਈਆਂ ਜਾਣ ਅਤੇ ਬੈਕਾਂ ਤੋਂ ਕਰਜ਼ਾ ਲੈਣ ਲਈ ਸੁਖਾਲੀ ਵਿਧੀ ਬਣਾਈ ਜਾਵੇ। ਕੁਲਦੀਪ ਧਾਲੀਵਾਲ ਨੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਬੜੀ ਹਲੀਮੀ ਅਤੇ ਵਿਸਥਾਰ ਨਾਲ ਸੁਣਿਆ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਜਾਣ।

ਮੰਤਰੀ ਨੇ ਬੱਕਰੀ ਦੇ ਦੁੱਧ ਲਈ ਪੈਕਿੰਗ ਪਲਾਂਟ ਵੀ ਲਗਾਏ ਜਾਣ ਦੀ ਹਾਮੀ ਭਰੀ, ਜਿਸ ਨਾਲ ਬੱਕਰੀ ਪਾਲਣ ਦੇ ਧੰਦੇ ਵਿਚ ਮੁਨਾਫ਼ੇ ਨੂੰ ਹੋਰ ਵਧਾਇਆ ਜਾ ਸਕਦਾ ਹੈ। ਮੰਤਰੀ ਨੇ ਇਨ੍ਹਾਂ ਧੰਦਿਆਂ ਸਬੰਧੀ ਅਗਲੇ ਮਹੀਨੇ ਵਿੱਚ ਦੁਬਾਰਾ ਮੀਟਿੰਗ ਰੱਖਣ ਦਾ ਵੀ ਫ਼ੈਸਲਾ ਲਿਆ, ਤਾਂ ਜੋ ਇਸ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਦੀ ਪ੍ਰਗਤੀ ਰਿਪੋਰਟ ਅਤੇ ਰੋਡ ਮੈਪ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਜਾ ਸਕਣ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪਸ਼ੂ-ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਡਾ. ਸੁਭਾਸ਼  ਚੰਦਰ ਅਤੇ ੳੱਪ ਕੁਲਪਤੀ ਗਡਵਾਸੂ ਡਾ. ਇੰਦਰਜੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਸੀਨੀਅਰਾ ਅਫ਼ਸਰ ਵੀ ਹਾਜ਼ਰ ਸਨ।

Babita

This news is Content Editor Babita