ਬੰਦ ਡੱਬੇ 'ਚ ਕੈਨੇਡਾ ਤੋਂ ਕੋਟਕਪੂਰਾ ਪੁੱਜੀ ਰੌਕਸੀ ਦੀ ਲਾਸ਼, ਸੇਜਲ ਅੱਖਾਂ ਨਾਲ ਦਿੱਤੀ ਵਿਦਾਈ

08/25/2019 11:25:07 AM

ਕੋਟਕਪੂਰਾ  (ਨਰਿੰਦਰ) – ਕੈਨੇਡਾ ਦੀ ਧਰਤੀ 'ਚ ਮਾਰੇ ਗਏ ਕੋਟਕਪੂਰਾ ਦੇ 24 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਲਾਸ਼ ਕਈ ਦਿਨਾਂ ਦੀ ਉਡੀਕ ਮਗਰੋਂ ਅੱਜ ਉਸ ਦੇ ਘਰ ਪਹੁੰਚ ਗਈ, ਜਿਸ ਦੌਰਾਨ ਉਸ ਦੇ ਘਰ 'ਚ ਚੀਕ-ਚਿਹਾੜਾ ਪੈ ਗਿਆ। ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਏ ਨੌਜਵਾਨ ਪੁੱਤਰ ਦੀ ਕੈਨੇਡਾ ਤੋਂ ਡੱਬੇ 'ਚ ਬੰਦ ਹੋ ਕੇ ਘਰ ਪੁੱਜੀ ਲਾਸ਼ ਨੂੰ ਵੇਖ ਕੇ ਪਰਿਵਾਰ ਦੇ ਮੈਂਬਰ ਹਾਲੋਂ ਬੇਹਾਲ ਸਨ। ਕੈਨੇਡਾ ਸਰਕਾਰ ਵਲੋਂ ਡੱਬਾ ਬੰਦ ਕਰਕੇ ਭੇਜੀ ਗਈ ਮ੍ਰਿਤਕ ਦੇਹ ਨੂੰ ਸਥਾਨਕ ਰਾਮਬਾਗ ਵਿਖੇ ਸਥਿਤ ਸ਼ਮਸ਼ਾਨਘਾਟ 'ਚ ਲਿਜਾਇਆ ਗਿਆ, ਜਿੱਥੇ ਸੇਜਲ ਅੱਖਾਂ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਇਲਾਕਾ ਵਾਸੀਆਂ ਨੇ ਰੌਕਸੀ ਚਾਵਲਾ ਨੂੰ ਅੰਤਿਮ ਵਿਦਾਇਗੀ ਦਿੱਤੀ।



ਜ਼ਿਕਰਯੋਗ ਹੈ ਕਿ ਕਰੀਬ 1 ਮਹੀਨਾ ਪਹਿਲਾਂ 26 ਜੁਲਾਈ ਨੂੰ ਰੌਕਸੀ ਚਾਵਲਾ ਦੀ ਕੈਨੇਡਾ ਦੇ ਸ਼ਹਿਰ 'ਸਰੀ' 'ਚ ਭੇਤਭਰੇ ਹਾਲਾਤ 'ਚ ਮੌਤ ਹੋ ਗਈ ਸੀ ਅਤੇ ਉੱਥੋਂ ਦੀ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸਿਰਫ ਐਨੀ ਕੁ ਜਾਣਕਾਰੀ ਦਿੱਤੀ ਕਿ ਪੋਸਟਮਾਰਟਮ ਰਿਪੋਰਟ ਮੁਤਾਬਿਕ ਰੌਕਸੀ ਚਾਵਲਾ ਦੀ ਮੌਤ ਉਸਦੇ ਸਰੀਰ ਅੰਦਰ ਜ਼ਹਿਰ ਜਾਣ ਕਾਰਨ ਹੋਈ ਹੈ। ਇਸ ਵਾਸਤੇ ਪੁੱਛਗਿੱਛ ਲਈ ਕੁਝ ਲੜਕਿਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੋਇਆ ਹੈ ਪਰ ਇਸ ਤੋਂ ਜ਼ਿਆਦਾ ਪੁਲਸ ਨੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਅੱਖਾਂ 'ਚੋਂ ਹੰਝੂ ਕੇਰਦਿਆਂ ਰੌਕਸੀ ਚਾਵਲਾ ਦੇ ਪਿਤਾ ਭਗਵਾਨ ਦਾਸ, ਮਾਤਾ ਕ੍ਰਿਸ਼ਨਾ ਰਾਣੀ ਅਤੇ ਵੱਡੇ ਭਰਾ ਅਮਿਤ ਚਾਵਲਾ ਨੇ ਦੱਸਿਆ ਕਿ ਰੌਕਸੀ ਨੂੰ ਉਚੇਰੀ ਵਿੱਦਿਆ ਹਾਸਲ ਕਰਨ ਲਈ ਬੜੀ ਮੁਸ਼ਕਲ ਨਾਲ ਭਾਰੀ ਖਰਚਾ ਕਰਕੇ ਕੈਨੇਡਾ ਭੇਜਿਆ ਸੀ ਪਰ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਰੌਕਸੀ ਦੀ ਵਾਪਸੀ ਇਸ ਤਰ੍ਹਾਂ ਹੋਵੇਗੀ। ਇਸ ਮੌਕੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਅਤੇ ਗੁਰਬਚਨ ਸਿੰਘ ਟੋਨੀ ਸਮੇਤ ਭਾਰੀ ਗਿਣਤੀ 'ਚ ਸਮਾਜਸੇਵੀ ਸੰਸਥਾਵਾਂ, ਧਾਰਮਕ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

rajwinder kaur

This news is Content Editor rajwinder kaur