ਕੋਟਕਪੂਰਾ ਗੋਲੀਕਾਂਡ : ‘ਸਿਟ’ ਨੇ 4 ਗਵਾਹਾਂ ਦੇ ਬਿਆਨ ਕੀਤੇ ਕਲਮਬੱਧ

06/13/2021 10:25:06 AM

ਫ਼ਰੀਦਕੋਟ (ਰਾਜਨ): ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਆਪਣੀ ਜਾਂਚ ਨਿਰਧਾਰਿਤ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦੇ ਮਕਸਦ ਨਾਲ ਗਵਾਹਾਂ ਦੇ ਬਿਆਨਾਂ ਨੂੰ ਕਲਮਬੱਧ ਕਰਨ ਵਿਚ ਲਿਆਂਦੀ ਗਈ ਤੇਜੀ ਦੇ ਮੱਦੇਨਜ਼ਰ ਅੱਜ ਕੋਟਕਪੂਰਾ ਥਾਣਾ ਸਿਟੀ ਦੇ ਸਿਪਾਹੀ ਅਮਨਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਰਮ ਸਿੰਘ ਕੋਟਲੀ ਅਬਲੂ, ਜੋ ਘਟਨਾ ਮੌਕੇ ਫ਼ੱਟੜ ਹੋ ਗਿਆ ਸੀ, ਕੋਟਕਪੂਰਾ ਦੇ ਰੋਮੀ ਛਾਬੜਾ, ਜੋ ਜ਼ਖ਼ਮੀਆਂ ਨੂੰ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਐਂਬੂਲੈਂਸ ’ਤੇ ਡਰਾਈਵਰੀ ਕਰ ਕੇ ਲਿਆਇਆ ਸੀ ਤੋਂ ਇਲਾਵਾ ਏ.ਐੱਸ.ਆਈ .ਪਿੱਪਲ ਸਿੰਘ ਸੀ.ਆਈ.ਏ. ਸਟਾਫ਼ ਫ਼ਰੀਦਕੋਟ ਦੇ ਬਿਆਨ ਕਲਮਬੱਧ ਕੀਤੇ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

ਦੱਸਣਯੋਗ ਹੈ ਕਿ ‘ਸਿਟ’ ਵੱਲੋਂ 10 ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਸੀ, ਜਿਨ੍ਹਾਂ ’ਚੋਂ ਉਕਤ 4 ਵਿਅਕਤੀਆਂ ਨੇ ਆਪਣੇ ਬਿਆਨ ਦਰਜ ਕਰਵਾਏ। ਇਹ ਵੀ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ’ਚੋਂ ਚੋਰੀ ਹੋਏ ਪਵਿੱਤਰ ਸਰੂਪ ਦੀ ਬੇਅਦਬੀ ਅਤੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲਗਾਏ ਗਏ ਇਤਰਾਜ਼ਯੋਗ ਅਤੇ ਭੜਕਾਊ ਸ਼ਬਦਾਵਲੀ ਵਾਲੇ ਪੋਸਟਰਾਂ ਸਬੰਧੀ ਸਾਲ 2015 ’ਚ ਥਾਣਾ ਬਾਜਾਖਾਨਾ ਵਿਖੇ ਦਰਜ ਕੀਤੇ ਗਏ ਮੁਕੱਦਮਿਆਂ ’ਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਬਾਰੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਲੋਂ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਨੂੰ 15 ਜੂਨ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ।

ਇਹ ਵੀ ਪੜ੍ਹੋ:  ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ

ਦੱਸਣਯੋਗ ਹੈ ਕਿ ਜੇਲ ਅਧਿਕਾਰੀਆਂ ਵਲੋਂ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਪਹਿਲਾਂ ਬੀਤੀ 10 ਜੂਨ ਨੂੰ ਅਦਾਲਤ ’ਚ ਪੇਸ਼ ਕਰਨਾ ਸੀ ਪਰ ਕੁਝ ਕਾਰਨਾਂ ਕਰਕੇ ਇਨ੍ਹਾਂ ਨੂੰ ਅਦਾਲਤ ਵਿਚ ਨਹੀਂ ਲਿਆਂਦਾ ਜਾ ਸਕਿਆ ਸੀ। ਇਕ ਹੋਰ ਤਾਜਾ ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਟੀਮ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਮੁਅੱਤਲ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਵੀ ਮਾਣਯੋਗ ਅਦਾਲਤ ਵਿਚ ਦਰਖਾਸਤ ਦੇ ਦਿੱਤੀ ਹੈ ਜਿਸ ਵਿਚ ਜਾਂਚ ਟੀਮ ਨੇ ਅਦਾਲਤ ਦੇ ਧਿਆਨ ਵਿਚ ਲਿਆਂਦਾ ਹੈ ਕਿ ਇਹ ਪੁਲਸ ਅਫ਼ਸਰ ਸੱਚਾਈ ਨੂੰ ਲੁਕੋ ਰਹੇ ਹਨ, ਇਸ ਲਈ ਇਨ੍ਹਾਂ ਦਾ ਨਾਰਕੋ ਟੈਸਟ ਕਰਵਾਉਣਾ ਜ਼ਰੂਰੀ ਹੈ। ਸੂਤਰਾਂ ਅਨੁਸਾਰ ਇਸ ਮੰਗ ’ਤੇ ਮਾਣਯੋਗ ਅਦਾਲਤ ਨੇ ਉਕਤ ਸਾਬਕਾ ਪੁਲਸ ਅਧਿਕਾਰੀਆਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਵੀ ਦੇ ਦਿੱਤਾ ਹੈ।

ਇਹ ਵੀ ਪੜ੍ਹੋ: ਮਲੇਰਕੋਟਲਾ 'ਚ ਸਿੱਖਾਂ ਨੇ ਕਾਇਮ ਕੀਤੀ ਮਿਸਾਲ, ਮਸੀਤ ਬਣਾਉਣ ਲਈ ਬਿਨਾਂ ਕੀਮਤ ਦੇ ਦਿੱਤੀ ਜ਼ਮੀਨ (ਵੀਡੀਓ)

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Shyna

This news is Content Editor Shyna