ਹਮੇਸ਼ਾ ਦਹਿਸ਼ਤ 'ਚ ਜਿਊਂਦੇ ਨੇ ਜਲੰਧਰ ਦੇ ਇਸ ਮੁਹੱਲੇ 'ਚ ਰਹਿਣ ਵਾਲੇ ਲੋਕ, ਜਾਣੋ ਕਾਰਨ (ਵੀਡੀਓ)

01/27/2020 6:51:24 PM

ਜਲੰਧਰ (ਵਰੁਣ) — ਜਲੰਧਰ ਦੇ ਮਿਲਾਪ ਚੌਕ ਨੇੜੇ ਪੈਂਦੇ ਕੋਟ ਪਕਸ਼ੀਆਂ ਮੁਹੱਲੇ ਨੂੰ ਕਾਫੀ ਭੀੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਇਸ ਮੁਹੱਲੇ 'ਚ ਰਹਿਣ ਵਾਲੇ ਲੋਕਾਂ ਦੇ ਮਨਾਂ 'ਚ ਕਾਫੀ ਸਮੇਂ ਤੋਂ ਇਕ ਡਰ ਬੈਠਿਆ ਹੋਇਆ ਹੈ, ਜਿਸ 'ਤੇ ਉਹ ਵਿਸ਼ਵਾਸ ਵੀ ਕਰਦੇ ਹਨ ਅਤੇ ਕੁਝ ਲੋਕ ਇਸ ਨੂੰ ਅੰਧ ਵਿਸ਼ਵਾਸ ਵੀ ਕਹਿੰਦੇ ਹਨ। 


ਦਰਅਸਲ ਇਸ ਮੁਹੱਲੇ 'ਚ ਇਕ ਮੌਤ ਹੋਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਇਹ ਦਹਿਸ਼ਤ ਕਿਉਂ ਹੁੰਦੀ ਹੈ, ਇਸ ਦਾ ਕਾਰਨ ਇਹ ਹੈ ਕਿ ਇਥੇ ਇਕ ਮੌਤ ਹੋਣ ਤੋਂ ਬਾਅਦ ਦੋ ਜਾਂ ਤਿੰਨ ਮੌਤਾਂ ਹੋਣੀਆਂ ਤੈਅ ਹਨ। ਇਥੇ ਪੈਦਾ ਹੋਣ ਵਾਲੇ ਲੋਕ ਇਸ ਨੂੰ ਸ਼ਰਾਪ ਮੰਨਦੇ ਹਨ ਜਾਂ ਫਿਰ ਕੋਈ ਰੀਤ ਮੰਨਦੇ ਹਨ, ਜਿਸ ਕਰਕੇ ਇਸ ਮੁਹੱਲੇ 'ਚ ਇੰਝ ਹੁੰਦਾ ਹੈ। ਕੁਝ ਔਰਤਾਂ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਉਹ ਇਥੇ ਰਹਿ ਰਹੇ ਹਨ, ਉਹ ਸ਼ੁਰੂ ਕੋਂ ਹੀ ਇਸ ਮੁਹੱਲੇ 'ਚ ਅਜਿਹਾ ਦੇਖਦੇ ਆਏ ਹਨ। 

'ਜਗ ਬਾਣੀ' ਦੇ ਪੱਤਰਕਾਰ ਵੱਲੋਂ ਜਦੋਂ ਇਸ ਮੁਹੱਲੇ ਦੇ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਕੁਝ ਲੋਕਾਂ ਨੇ ਇਸ ਨੂੰ ਸ਼ਰਾਪ ਦੱਸਿਆ ਅਤੇ ਕੁਝ ਨੇ ਅੰਧ ਵਿਸ਼ਵਾਸ ਕਰਾਰ ਦਿੱਤਾ। ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਇਸੇ ਮੁਹੱਲੇ 'ਚ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਫਿਰ ਉਹ ਇਸੇ ਮੁਹੱਲੇ 'ਚ ਰਹਿਣ ਲਈ ਆ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਥੇ ਰਹਿੰਦੇ ਕਰੀਬ 20 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਹੀ ਅਜਿਹਾ ਦੇਖ ਰਹੇ ਹਨ ਕਿ ਇਸ ਮੁਹੱਲੇ 'ਚ ਇਕ ਮੌਤ ਹੋਣ ਤੋਂ ਬਾਅਦ ਦੋ ਜਾਂ ਤਿੰਨ ਮੌਤਾਂ ਹੋ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਸ਼ਰੀਕੇ ਭਾਈਚਾਰੇ 'ਚ ਅਜਿਹਾ ਹੋ ਜਾਂਦਾ ਹੈ, ਜਿਸ ਕਰਕੇ ਦੋ ਜਾਂ ਵੱਧ ਮੌਤਾਂ ਵੀ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਕੁਝ ਹਿੰਦੂ ਲੋਕ ਬਾਹਰ ਚਲੇ ਗਏ ਹਨ। ਇਸ ਤੋਂ ਇਲਾਵਾ ਇਕ ਹੋਰ ਔਰਤ ਨੇ ਦੱਸਿਆ ਕਿ ਇਥੇ ਸਾਡੇ ਆਉਣ ਤੋਂ ਪਹਿਲਾਂ ਕਿਸੇ ਨੇ ਕੋਈ ਸ਼ਰਾਪ ਦਿੱਤਾ ਹੋਵੇ ਤਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਦੱਸਿਆ ਜਾਂਦਾ ਹੈ ਕਿ ਜੇਕਰ ਕੋਈ ਮੁਹੱਲਾ ਵੀ ਛੱਡ ਕੇ ਇਥੋਂ ਬਾਹਰ ਚਲਾ ਜਾਂਦਾ ਹੈ ਤਾਂ ਵੀ ਮੌਤ ਪਿੱਛਾ ਨਹੀਂ ਛੱਡਦੀ। ਉਨ੍ਹਾਂ ਕਿਹਾ ਕਿ ਜੋ ਲੋਕ ਇਥੋਂ ਛੱਡ ਕੇ ਬਾਹਰ ਜਾ ਚੁੱਕੇ ਹਨ, ਉਨ੍ਹਾਂ 'ਤੇ ਵੀ ਕਈ ਵਾਰ ਇਸ ਦਾ ਪ੍ਰਭਾਵ ਜ਼ਰੂਰ ਦੇਖਣ ਨੂੰ ਮਿਲਦਾ ਹੈ।

shivani attri

This news is Content Editor shivani attri