ਅਕਾਲੀਆਂ ਤੇ ਕਾਂਗਰਸੀਆਂ ਲਈ 'ਕੋਟ ਮਿੱਤ ਸਿੰਘ' ਦਾ ਪੁਲ ਬਣੇਗਾ ਜੰਗ ਦਾ ਮੈਦਾਨ

06/03/2020 5:31:14 PM

ਅੰਮ੍ਰਿਤਸਰ (ਛੀਨਾ) : 4 ਸਾਲ ਬਾਅਦ ਕੋਟ ਮਿੱਤ ਸਿੰਘ ਦੀ ਨਹਿਰ 'ਤੇ ਬਣਿਆ ਪੁਲ ਅਕਾਲੀਆਂ ਅਤੇ ਕਾਂਗਰਸੀਆਂ ਦਰਮਿਆਨ ਜੰਗ ਦਾ ਮੈਦਾਨ ਬਣ ਸਕਦਾ ਹੈ, ਜਿਸ ਨੂੰ ਲੈ ਕੇ ਅੱਜ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਵੱਡੇ ਪੱਧਰ 'ਤੇ ਲਗਾਏ ਗਏ ਧਰਨੇ ਦੌਰਾਨ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 2 ਦਿਨਾਂ 'ਚ ਪੁਲ ਨੂੰ ਲੋਕਾਂ ਦੀ ਆਵਾਜਾਈ ਲਈ ਨਾ ਖੋਲ੍ਹਿਆ ਗਿਆ ਤਾਂ ਉਹ ਖੁਦ ਪੁਲ ਨੂੰ ਖੋਲ੍ਹ ਦੇਣਗੇ, ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਰ ਤਰ੍ਹਾਂ ਦੇ ਹਾਲਾਤ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਣਗੇ।

ਇਸ ਮੌਕੇ 'ਤੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਭਰਵੇਂ ਇਕੱਠ ਦੌਰਾਨ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਕੋਟ ਮਿੱਤ ਸਿੰਘ ਦੀ ਨਹਿਰ 'ਤੇ ਲਗਦੇ ਜਾਮ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 14 ਅਗਸਤ 2016 ਨੂੰ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਇਸ ਪੁਲ ਨੂੰ ਬਣਾਉਣ 'ਤੇ ਸਾਰਾ ਖਰਚ ਵੀ ਕੇਂਦਰ ਸਰਕਾਰ ਨੇ ਹੀ ਕੀਤਾ ਸੀ ਪਰ ਇਲਾਕੇ ਦਾ ਕਾਂਗਰਸੀ ਵਿਧਾਇਕ ਜੋ ਕਿ ਉਸ ਵੇਲੇ ਪੁਲ ਨੂੰ ਬਣਾਉਣ ਦਾ ਵਿਰੋਧ ਕਰਦਾ ਸੀ, ਅੱਜ ਉਹ ਪੁਲ ਬਣਨ ਤੋਂ ਬਾਅਦ ਉਦਘਾਟਨ ਦੇ ਚੱਕਰ 'ਚ ਲੋਕਾਂ ਲਈ ਪੁਲ ਨੂੰ ਖੋਲ੍ਹਣ ਦਾ ਵਿਰੋਧ ਕਰ ਰਿਹਾ ਹੈ।  ਗਿੱਲ ਨੇ ਕਿਹਾ ਕਿ ਇਲਾਕੇ ਦੇ ਲੋਕ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕੇ ਹਨ। ਅਕਾਲੀ ਦਲ ਉਨ੍ਹਾਂ ਨੂੰ ਹੁਣ ਹੋਰ ਪਰੇਸ਼ਾਨ ਨਹੀ ਹੋਣ ਦੇਵੇਗਾ ਜੇਕਰ 2 ਦਿਨਾਂ 'ਚ ਪੁਲ ਖੋਲ੍ਹ ਦਿਤਾ ਜਾਵੇ ਤਾਂ ਚੰਗਾ ਹੋਵੇਗਾ ਨਹੀ ਤਾਂ ਇਹ ਨੇਕ ਕਾਰਜ ਅਸੀਂ ਕਰਾਂਗੇ। ਉਸ ਵਾਸਤੇ ਕਾਂਗਰਸ ਸਰਕਾਰ ਸਾਡੇ 'ਤੇ ਭਾਵੇ ਪਰਚੇ ਦਰਜ ਕਰ ਦੇਵੇ ਪਰ ਅਸੀਂ ਪਿੱਛੇ ਨਹੀ ਹਟਾਂਗੇ, ਜੇਕਰ ਕਾਂਗਰਸੀਆ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਗੜੇ ਮਾਹੌਲ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਇਸ ਮੌਕੇ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ (ਦੋਵੇਂ) ਮੈਂਬਰ ਸ਼੍ਰੋਮਣੀ ਕਮੇਟੀ, ਚੇਅਰਮੈਨ ਕੰਵਲਜੀਤ ਸਿੰਘ ਗਿੱਲ, ਅਵਤਾਰ ਸਿੰਘ ਟਰੱਕਾਂ ਵਾਲੇ ਅਤੇ ਕੈਪਟਨ ਗੁਰਬਚਨ ਸਿੰਘ ਸਮੇਤ ਵੱਡੀ ਗਿਣਤੀ 'ਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।


Anuradha

Content Editor

Related News