ਕਿਸਾਨਾਂ ਨੂੰ ਨਾੜ ਸਾੜਨ ਦੇ ਨੁਕਸਾਨ ਤੋਂ ਕਰਵਾਇਆ ਜਾਣੂ

04/25/2018 11:44:09 PM

ਮੋਗਾ,  (ਗਰੋਵਰ, ਗੋਪੀ)-  ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਮੋਗਾ ਵੱਲੋਂ ਕੇਂਦਰ ਦੇ ਮੁਖੀ, ਡਾ. ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਸੱਦਾ ਸਿੰਘ ਵਾਲਾ, ਜ਼ਿਲਾ ਮੋਗਾ ਵਿਖੇ ਜ਼ੀਰੋ ਬਰਨਿੰਗ ਦਿਵਸ ਮਨਾਇਆ ਗਿਆ। ਡਾ. ਅਮਨਦੀਪ ਸਿੰਘ ਬਰਾੜ ਨੇ ਕਿਸਾਨ ਵੀਰਾਂ ਨੂੰ ਪਰਾਲੀ ਅਤੇ ਕਣਕ ਦਾ ਨਾੜ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਨਾ ਸਾੜਨ ਨਾਲ ਹੋਣ ਵਾਲੇ ਫਾਇਦੇ ਬਾਰੇ ਦੱਸਿਆ।  ਉਨ੍ਹਾਂ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਸਾਂਭਣ ਦੀ ਸਲਾਹ ਦਿੱਤੀ। ਕੇ. ਵੀ. ਕੇ. ਵੱਲੋਂ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਗਰਮੀ ਰੁੱਤ ਅਤੇ ਸਾਉਣੀ ਰੁੱਤ ਦੀਆਂ ਪ੍ਰਮਾਣਿਤ ਕਿਸਮਾਂ ਬਾਰੇ ਵਿਸਥਾਰਪੂਰਵਕ ਦੱਸਿਆ। ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਅਤੇ ਨਮੂਨੇ ਲੈਣ ਬਾਰੇ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 
ਕੇ. ਵੀ. ਕੇ. ਮੋਗਾ ਦੇ ਇੰਜੀਨੀਅਰ ਅੰਕਿਤ ਸ਼ਰਮਾ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਕਿਸਾਨ ਵੀਰਾਂ ਨੂੰ ਖੇਤੀ ਮਸ਼ੀਨਾਂ ਦੀ ਸਾਂਭ-ਸੰਭਾਲ ਅਤੇ ਯੂਨੀਵਰਸਿਟੀ ਤੋਂ ਸਿਫਾਰਸ਼ ਕੀਤੀਆਂ ਪਰਾਲੀ ਨੂੰ ਸੰਭਾਲਣ ਵਾਲੀਆਂ ਮਸ਼ੀਨਾਂ ਨੂੰ ਵਰਤਣ ਬਾਰੇ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਹੈਪੀ ਸੀਡਰ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਅਤੇ ਉਸ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਤਕਨੀਕ ਅਪਣਾਉਣ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਸਮੇਂ ਸਿਰ ਕਣਕ ਦੀ ਬਿਜਾਈ ਸੰਭਵ ਹੁੰਦੀ ਹੈ। 
ਜੈ ਦੀਪ ਸਿੰਘ ਨੇ ਪਰਾਲੀ ਨੂੰ ਨਾ ਸਾੜਨ ਵਾਲੇ ਆਪਣੇ ਤਜਰਬੇ ਬਾਰੇ ਹੋਰ ਕਿਸਾਨ ਵੀਰਾਂ ਨਾਲ ਵਿਚਾਰ ਸਾਂਝੇ ਕੀਤੇ। ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਵਾਲੇ ਖੇਤ ਦਾ ਦੌਰਾ ਵੀ ਕਰਵਾਇਆ ਗਿਆ। 
ਇਸ ਮੌਕੇ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ, ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਨੂੰ ਖੇਤ 'ਚ ਸੰਭਾਲਣ ਵਾਲੇ ਫਾਇਦਿਆਂ ਸਬੰਧੀ ਸਾਹਿਤ ਵੀ ਵੰਡਿਆ ਗਿਆ।